ਲੁਧਿਆਣਾ: ਐਸਟੀਐਫ਼ ਪੁਲਿਸ ਨੇ ਇੱਕ ਸੰਯੁਕਤ ਅਭਿਆਨ ਦੌਰਾਨ ਲੁਧਿਆਣਾ ਦੇ ਫਿਰੋਜਪੁਰ ਰੋਡ 'ਤੇ ਆਰਤੀ ਚੌਕ ਦੇ ਨੇੜੇ ਮੁਖਬਰੀ ਦੇ ਅਧਾਰ 'ਤੇ ਇੱਕ ਆਈ-20 ਕਾਰ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਕੇ ਅਫਸਰਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 280 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਬਰਾਮਦ ਹੈਰੋਇਨ ਦੋਸ਼ੀਆਂ ਨੇ ਕਾਰ ਦੇ ਡੈਸ਼ ਬੋਰਡ ਵਿੱਚ ਲਕੋ ਕੇ ਰੱਖੀ ਹੋਈ ਸੀ।
ਖ਼ਾਸ ਗੱਲ ਇਹ ਹੈ ਕਿ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਜਗਰਾਓਂ ਨੇੜੇ ਪਿੰਡ ਲੋਪੋਂ ਦੇ ਰਿਸ਼ੀ ਆਸ਼ਰਮ ਨਿਰਮਲ ਕੁਟੀਆ ਦਾ ਡੇਰਾ ਮੁਖੀ ਹੈ। ਇਸ ਡੇਰੇ ਨਾਲ ਲੋਕਾਂ ਦੀ ਕਾਫੀ ਆਸਥਾ ਜੁੜੀ ਹੋਈ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਬਾਬੇ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ 5 ਹੋਰ ਡੇਰੇ ਵੀ ਹਨ ਅਤੇ ਇਹ ਸਮਾਜ ਸੇਵਾ ਕਰਨ ਦਾ ਢੋਂਗ ਵੀ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਬਾਬੇ ਵੱਲੋਂ ਇੱਕ ਹਸਪਤਾਲ ਵੀ ਬਣਵਾਇਆ ਜਾ ਰਿਹਾ ਹੈ। ਸਾਧ ਦੇ ਚੋਲੇ ਵਿੱਚ ਨਜ਼ਰ ਆ ਰਿਹਾ ਇਹ ਦੋਸ਼ੀ ਨਿਰਮਲ ਪੰਚਾਇਤ ਅਖਾੜੇ ਨਾਲ ਸਬੰਧਿਤ ਦੱਸਿਆ ਜਾਂਦਾ ਹੈ।
ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਟੀਐਫ ਜਲੰਧਰ ਰੇਂਜ ਦੇ ਡੀਐਸਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਕਰੀਬ 3 ਸਾਲਾਂ ਤੋਂ ਮਿਲ ਕੇ ਨਸ਼ਾ ਵੇਚਣ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਸਨ ਅਤੇ ਇਹ ਸਾਰੇ ਦੋਸ਼ੀ ਆਪ ਵੀ ਨਸ਼ਾ ਕਰਨ ਦੇ ਆਦੀ ਹਨ। ਡੀਐਸਪੀ ਨੇ ਕਿਹਾ ਕਿ ਦੋਸ਼ੀ ਦਿੱਲੀ ਦੇ ਕਿਸੇ ਨਾਇਜੀਰੀਅਨ ਤੋਂ ਸਸਤੇ ਭਾਅ 'ਤੇ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਆਸਪਾਸ ਦੇ ਪਿੰਡਾਂ ਵਿੱਚ ਮਹਿੰਗੇ ਭਾਅ 'ਤੇ ਵੇਚ ਦਿੰਦੇ ਸਨ।
ਇਹ ਵੀ ਪੜ੍ਹੋ: ਮੋਸਟ ਵਾਂਟੇਡ ਗੈਂਗਸਟਰ ਬਿੱਲਾ ਚੜ੍ਹਿਆ ਪੰਜਾਬ ਪੁਲਿਸ ਦੇ ਅੜਿੱਕੇ, ਹਥਿਆਰਾਂ ਦਾ ਜ਼ਖੀਰਾਂ ਬਰਾਮਦ
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੁੱਛ ਪੜਤਾਲ ਵਿੱਚ ਸਾਹਮਣੇ ਆਇਆ ਕਿ ਇੱਕ ਹੋਮਗਾਰਡ ਦਾ ਜਵਾਨ ਵੀ ਇਨ੍ਹਾਂ ਨਾਲ ਰਲਿਆ ਹੋਇਆ ਸੀ ਜੋ ਕਿ ਲੁਧਿਆਣਾ ਦੇ ਸੀਆਈਏ-2 ਵਿੱਚ ਤਾਇਨਾਤ ਹੈ। ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਤੇ ਉਸ ਦੀ ਭਾਲ ਵਿੱਚ ਟੀਮ ਭੇਜ ਦਿੱਤੀ ਗਈ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਅਰੋਪੀਆਂ ਖਿਲਾਫ ਥਾਣਾ ਐਸਟੀਐਫ਼ ਮੋਹਾਲੀ ਵਿਖੇ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਰਿਮਾਂਡ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।