ਲੁਧਿਆਣਾ: ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਦੇ ਹੁਣ ਤੱਕ 4718 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ 'ਚੋਂ 4120 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ 'ਚ 148 ਕੋਰੋਨਾ ਮਰੀਜ਼ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 46 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਲੁਧਿਆਣਾ 'ਚ ਇੱਕ ਦਿਨ 'ਚ ਠੀਕ ਹੋਏ 22 ਕੋਰੋਨਾ ਮਰੀਜ਼ ਕੋਰੋਨਾ ਦੀ ਦਹਿਸ਼ਤ ਦੇ ਵਿਚਕਾਰ ਇੱਕ ਚੰਗੀ ਖ਼ਬਰ ਆਈ। ਲੁਧਿਆਣਾ 'ਚ ਇੱਕ ਦਿਨ ਵਿੱਚ ਹੀ ਕੋਰੋਨਾ ਦੇ 22 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਸਨ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਉੱਤਰ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ 'ਚ ਬੱਸਾਂ ਰਾਹੀਂ ਪ੍ਰਵਾਸੀਆਂ ਨੂੰ ਭੇਜਿਆ ਜਾਵੇਗਾ ਅਤੇ ਜਲਦ ਹੀ ਬੱਸਾਂ ਚਲਾਉਣ ਦੀ ਮਿਤੀ ਨਿਰਧਾਰਿਤ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 46 ਲੱਖ ਤੋਂ ਪਾਰ, 3 ਲੱਖ ਮੌਤਾਂ
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬਿਹਾਰ ਜਾਣ ਵਾਲਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕਰਵਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਵਾਪਿਸ ਭੇਜਿਆ ਜਾ ਸਕੇ।