ਲੁਧਿਆਣਾ : ਬੀਤੇ ਦਿਨ ਗੈਰ ਕਾਨੂੰਨੀ ਕਾਲੋਨੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਨਗਰ ਨਿਗਮ ਦੇ ਅਧਿਕਾਰੀ ਕਸ਼ਿਸ਼ ਦੇ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਅੱਜ ਅਕਾਲੀ ਦਲ ਵੱਲੋਂ ਕੋਲੋਨਾਈਜ਼ਰ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਅਤੇ ਜੰਮ ਕੇ ਕਾਂਗਰਸ ਵਿਰੁੱਧ ਮੁਜ਼ਾਹਰੇ ਕੀਤੇ ਗਏ। ਕਲੋਨਾਈਜ਼ਰ ਦੀ ਤਸਵੀਰ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਣ ਕਰਕੇ ਅਕਾਲੀ ਦਲ ਵੱਲੋਂ ਇਹ ਮੁਜ਼ਾਹਰੇ ਕੀਤੇ ਗਏ ਜਦਕਿ ਦੂਜੇ ਪਾਸੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਉਸ ਕਲੋਨਾਈਜ਼ਰ ਦਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ।
ਅਕਾਲੀ ਦਲ ਵਲੋਂ ਫ਼ੈਲਾਈ ਗੰਦਗੀ ਨੂੰ ਸਾਫ਼ ਕਰ ਰਹੀ ਕਾਂਗਰਸ : ਭਾਰਤ ਭੂਸ਼ਣ - Bharat Bhushan Ashu
ਲੁਧਿਆਣਾ ਵਿਖੇ ਗੈਰ-ਕਾਨੂੰਨੀ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਵਾਲੇ ਨਗਰ ਨਿਗਮ ਅਧਿਕਾਰੀ ਨਾਲ ਹੋਈ ਬਦਸਲੂਕੀ ਵਿਰੁੱਧ ਅਕਾਲੀ ਆਗੂਆਂ ਨੇ ਰੋਸ ਮੁਜ਼ਾਹਰੇ ਕੀਤੇ।
ਮੁਜ਼ਾਹਰਾ ਕਰਦਿਆਂ ਯੂਥ ਅਕਾਲੀ ਦਲ ਜ਼ੋਨ 1, 2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਲੀਡਰ ਗੁੰਡਾਗਰਦੀ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਚਮਚੇ ਵੀ ਗੁੰਡਾਗਰਦੀ ਕਰਨ ਲੱਗੇ ਨੇ ਅਤੇ ਔਰਤਾਂ ਨਾਲ ਬਦਸਲੂਕੀ ਕਰ ਰਹੇ ਹਨ। ਅਕਾਲੀ ਦਲ ਦੇ ਆਗੂਆਂ ਨੇ ਮੰਗ ਕੀਤੀ ਕਿ ਕੋਲੋਨਾਈਜ਼ਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜਦੋਂ ਕਿ ਇਸ ਸਬੰਧੀ ਜਦੋਂ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਕੋਲੋਨਾਈਜ਼ਰ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ, ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਅਜਿਹੀ ਹਰਕਤ ਕੀਤੀ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਰਤ ਭੂਸ਼ਣ ਆਸ਼ੂ ਨੇ ਉਲਟਾ ਅਕਾਲੀ ਦਲ 'ਤੇ ਹੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਲੋਕ ਅਕਾਲੀ ਦਲ ਤੋਂ ਹੀ ਕਾਂਗਰਸ ਚ ਸ਼ਾਮਲ ਹੋਏ ਹਨ ਅਤੇ ਹੁਣ ਉਹ ਇਹ ਗੰਦਗੀ ਸਾਫ਼ ਕਰ ਰਹੇ ਹਨ।