Ludhiana Gas Leak: ਲੁਧਿਆਣਾ ਗੈਸ ਲੀਕ ਪੀੜਤਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਲੁਧਿਆਣਾ : ਐਤਵਾਰ ਸਵੇਰੇ ਲੁਧਿਆਣਾ 'ਚ 7:15 ਦੇ ਕਰੀਬ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ਵਿਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਬਣੇ ਦੁੱਧ ਦੇ ਬੂਥ ਵਿੱਚ ਵਾਪਰਿਆ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਇਸ ਹਾਦਸੇ ਵਿਚ ਜਿੰਨੇ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਇਸ ਦੇ ਨਾਲ ਹੀ, ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ। ਘਟਨਾ ਤੋਂ ਬਾਅਦ ਮੈਡੀਕਲ, ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬੀਮਾਰ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।
ਐਸਡੀਐਮ ਅਤੇ ਡੀਸੀ ਨੇ ਮੌਕੇ ਦੀ ਕੀਤੀ ਜਾਂਚ : ਇਸਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ ਦੀ ਟੀਮ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਥੋਂ ਸੈਂਪਲ ਲੈ ਕੇ ਸਾਡੀ ਲੈਬ ਵਿੱਚ ਜਾਂਚ ਲਈ ਵੀ ਭੇਜੇ ਜਾ ਰਹੇ ਹਨ। ਡੀਸੀ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਈ ਪਾਈਪ ਲਾਈਨ ਫਟ ਗਈ ਹੈ ਜਾਂ ਨਹੀਂ, ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਕੁਝ ਗੈਸਾਂ ਦੇ ਮਿਸ਼ਰਣ ਕਾਰਨ ਅਜਿਹੀ ਗੈਸ ਬਣ ਗਈ ਹੋਵੇ, ਜਿਸ ਕਾਰਨ ਲੋਕਾਂ ਦੀ ਮੌਤ ਹੋਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਸ ਕਿਹੜੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ 'ਚ ਗੈਸ ਲੀਕ ਹੋਈ, ਉਹ ਕਾਫੀ ਸਮੇਂ ਤੋਂ ਬੰਦ ਪਈ ਸੀ। ਪੁਲਿਸ ਇਸ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ :Ludhiana Gas Leak : ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ, ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ
ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ: ਉਥੇ ਹੀ ਇਸ ਦੌਰਾਨ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਇਹ ਵੀ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਇੰਨੀਆਂ ਜਾਨਾਂ ਜਾਣਾ ਕੋਈ ਛੋਟੀ ਗੱਲ ਨਹੀਂ ਹੈ। ਹਰ ਇਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਫਿਲਹਾਲ NDRF ਵੱਲੋਂ ਹਰ ਪਾਸਿਓਂ ਸਿੰਪਲ ਲਏ ਜਾ ਰਹੇ ਹਨ ਅਤੇ ਇਸ ਦੀ ਰਿਪੋਟ ਦੇ ਅਧਾਰ ਉੱਤੇ ਹਰ ਪਹਿਲੂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਲੋਕ ਸਹਿਯੋਗ ਦੇਣ ਸਰਕਾਰ ਅਤੇ ਪੁਲਿਸ ਹਰ ਪੱਖ ਤੋਂ ਲੋਕ ਭਲਾਈ ਦੇ ਵਿਚ ਲੱਗੀ ਹੋਈ ਹੈ।
ਪਰਿਵਾਰ ਦੇ 3 ਬੱਚਿਆਂ ਦੀ ਮੌਤ:ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਵੀ ਹੋਈ ਹੈ, ਜਿੰਨਾ ਵਿੱਚ 3 ਬੱਚੇ ਦੱਸੇ ਜਾ ਰਹੇ ਹਨ। ਇਕ ਕਲੀਨਿਕ ਚਲਾਉਣ ਵਾਲੇ ਵਿਅਕਤੀ, ਉਨ੍ਹਾਂ ਦੀ ਪਤਨੀ, ਇਕ ਬੇਟੀ, ਦੋ ਪੁੱਤਰ ਜਿਨ੍ਹਾਂ ਵਿਚ ਇਕ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ, ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦਾ ਦਿਨ ਹੋਣ ਕਰਕੇ ਅਤੇ ਤੜਕ ਸਵੇਰ ਹੋਣ ਕਰਕੇ ਪਰਿਵਾਰ ਅਜੇ ਸੁੱਤਾ ਹੀ ਹੋਇਆ ਸੀ। ਬੱਚੇ ਵੀ ਸੁੱਤੇ ਪਏ ਸਨ ਕਿ ਅਚਾਨਕ ਗੈਸ ਲੀਕ ਹੋਣ ਨਾਲ ਉਨ੍ਹਾਂ ਦਾ ਦਮ ਘੁੱਟਣ ਲੱਗਾ ਅਤੇ ਮੌਤ ਹੋ ਗਈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ: ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਸਾਹਮਣੇ ਆ ਰਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ਸੀਵਰੇਜ ਵਿੱਚ ਕੈਮੀਕਲ ਪਾ ਦਿੱਤਾ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਬੁਲਾਈਆਂ ਗਈਆਂ ਹੈ। ਏਥੋਂ ਸੈਂਪਲ ਲੈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਇਹ ਵੀ ਕਿਹਾ ਕਿ ਇਸ ਇਲਾਕੇ 'ਚ ਕੁਝ ਛੋਟੇ ਕਾਰੋਬਾਰੀ ਬੇਸ਼ੱਕ ਆਪਣੇ ਕੂੜੇ ਨੂੰ ਕਿਸ ਤਰ੍ਹਾਂ ਨਿਪਟਾਉਂਦੇ ਹਨ, ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਅਜੇ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇੱਥੋਂ ਦੀ ਵਿਧਾਇਕਾ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਮਾਰਤ ਵਿੱਚ ਦੁੱਧ ਦਾ ਬੂਥ ਖੁੱਲ੍ਹਾ ਸੀ ਅਤੇ ਜੋ ਵੀ ਸਵੇਰੇ ਦੁੱਧ ਲੈਣ ਲਈ ਇੱਥੇ ਗਿਆ ਉਹ ਬੇਹੋਸ਼ ਹੋ ਗਿਆ। ਪ੍ਰਸ਼ਾਸਨ ਨੇ ਇਮਾਰਤ ਦੇ ਆਲੇ-ਦੁਆਲੇ ਦੇ ਇੱਕ ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।