ਲੁਧਿਆਣਾ: ਗਿੱਲ ਰੋਡ 'ਤੇ ਦਿਨ ਦਿਹਾੜੇ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦਾ ਲੁਧਿਆਣਾ ਪੁਲਿਸ ਨੇ ਪਰਦਾਫ਼ਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਦੇ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਚੋਂ ਇੱਕ ਹਰਪ੍ਰੀਤ ਫ਼ਿਰੋਜ਼ਪੁਰ ਤੋਂ, ਜਦਕਿ ਪ੍ਰਦੀਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ।
ਸੂਤਰਾਂ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਪ੍ਰੀਤ ਦੇ ਘਰ ਹੀ ਇਹ ਸਾਰੇ ਮੁਲਜ਼ਮ ਰੁਕੇ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਜੈਪਾਲ ਗੈਂਗ ਨਾਲ ਸਬੰਧਤ ਹਨ ਜਿਸ ਦੀ ਪੁਲਿਸ ਵੱਲੋਂ 2016 ਤੋਂ ਭਾਲ ਕੀਤੀ ਜਾ ਰਹੀ ਹੈ। ਇਹ ਸਾਰੀ ਗੁੱਥੀ ਉਦੋਂ ਸੁਲਝੀ ਜਦੋਂ ਪੁਲਿਸ ਨੇ ਸੈਕਟਰ 26 ਦੀ ਮਾਰਕੀਟ ਚੋਂ ਗਗਨ ਜੱਜ ਨੂੰ ਗ੍ਰਿਫਤਾਰ ਕੀਤਾ ਸੀ।
ਜ਼ਿਕਰੇਖਾਸ ਹੈ ਕਿ ਜੈਪਾਲ ਉਦੋਂ ਸੁਰੱਖਿਆ ਵਿੱਚ ਆਇਆ ਸੀ, ਜਦੋਂ ਫ਼ਾਜ਼ਿਲਕਾ ਤੋਂ ਉਸ ਵਲੋਂ ਕੀਤੇ ਜਸਵਿੰਦਰ ਸਿੰਘ ਉਰਫ਼ ਰੌਕੀ ਦਾ ਕਤਲ ਮਾਮਲਾ ਸਾਹਮਣੇ ਆਇਆ ਸੀ। ਰੌਕੀ ਦਾ ਕਤਲ ਹਿਮਾਚਲ ਪ੍ਰਦੇਸ਼ ਦੇ ਪ੍ਰਵਾਣੂ ਵਿੱਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਜੈਪਾਲ ਦੀ ਭਾਲ ਵਿੱਚ ਜੁੱਟੀ ਹੋਈ ਹੈ। ਇਸ ਤੋਂ ਇਲਾਵਾ ਇਸ ਗੈਂਗ ਵੱਲੋਂ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ, ਜਿਨ੍ਹਾਂ ਦੀ ਗੁੱਥੀ ਪੰਜਾਬ ਪੁਲਿਸ ਵੱਲੋਂ ਜਲਦ ਹੀ ਸੁਲਝਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਲੁਧਿਆਣਾ ਦੇ ਗਿੱਲ ਰੋਡ 'ਤੇ ਇੱਕ ਫਾਈਨਾਂਸ ਕੰਪਨੀ ਤੋਂ ਦਿਨ ਦਿਹਾੜੇ 5 ਹਥਿਆਰਬੰਦ ਲੁਟੇਰਿਆਂ ਨੇ 30 ਕਿੱਲੋ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਸੀ।
ਇਹ ਵੀ ਪੜ੍ਹੋ: ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 9