ਲੁਧਿਆਣਾ: 1984 ਸਿੱਖ ਦੰਗਾ ਪੀੜਤਾਂ ਨੇ ਲੁਧਿਆਣਾ ਬਿਜਲੀ ਮਹਿਕਮੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਬਿਜਲੀ ਮਹਿਕਮੇ ਦੇ ਵਿਰੁੱਧ ਖੁੱਲ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਬੀਜਲੀ ਵਿਭਾਗ ਵੱਲੋਂ ਲੱਖਾਂ ਰੁਪਿਆਂ ਦਾ ਬਿਲ ਭੇਜਣ ਕਾਰਨ ਰੋਸ 'ਚ ਆਏ ਦੰਗਾ ਪੀੜਤਾਂ ਨੇ ਬਿਜਲੀ ਦਫ਼ਤਰ ਦਾ ਗੇਟ ਬੰਦ ਕਰ ਧਰਨਾ ਲਾਇਆ।
ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਵੱਲੋਂ ਦੰਗਾ ਪੀੜਤ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਕਾਇਆ ਬਿੱਲ ਭੇਜਣ ਦਾ ਮਾਮਲਾ ਹੈ ਜੋ ਕਿ ਹੁਣ ਲੱਖਾਂ ਰੁਪਏ ਬਣ ਚੁੱਕਾ ਹੈ, ਜਦੋਂਕਿ ਕਾਲੋਨੀ 'ਚ ਰਹਿਣ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਇਹ ਬਿੱਲ ਪੁਰਾਣੇ ਹਨ ਜੋ ਉਨ੍ਹਾਂ ਦੇ ਸਿਰ ਪਾਏ ਜਾ ਰਹੇ ਹਨ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਮਾਲ ਟੋਨ ਦੇ ਐਕਸੀਅਨ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜ ਕੇ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ।
ਮੁੱਖ ਇੰਜੀਨੀਅਰ ਡੀਪੀਐੱਸ ਗਰੇਵਾਲ ਬਿਜਲੀ ਵਿਭਾਗ ਲੁਧਿਆਣਾ ਦਾ ਕਹਿਣਾ ਹੈ ਕਿ ਕਾਲੋਨੀ ਦੇ ਵਿੱਚ ਕੁੰਡੀਆਂ ਲਾਈਆਂ ਜਾ ਰਹੀਆਂ ਸਨ ਜਿਸ ਨੂੰ ਵੇਖਦਿਆਂ ਹੋਇਆਂ ਇਹ ਜ਼ੁਰਮਾਨੇ ਲਾਏ ਗਏ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਜ਼ੁਰਮਾਨਾ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾਵੇਗਾ।