ਲੁਧਿਆਣਾ:ਪਿੰਡ ਜੱਸੋਵਾਲ ਦਾ ਨਵਦੀਪ ਬਾਵਾ ਇਨੀਂ ਦਿਨੀ ਆਪਣੀ ਕਲਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 15 ਸਾਲ ਦਾ ਨਵਦੀਪ ਬਚਪਨ ਤੋਂ ਹੀ ਇੱਕ ਅਜੀਬ ਸਕਿਨ ਦੀ ਬਿਮਾਰੀ ਤੋਂ ਪੀੜਿਤ ਹੈ ਜਿਸ ਕਰਕੇ ਉਸ ਦਾ ਸਰੀਰਕ ਵਿਕਾਸ ਬਾਕੀ ਬੱਚਿਆਂ ਵਾਂਗ ਨਹੀਂ ਹੋ ਪਾਇਆ ਹੈ। ਪਰ, ਇਸ ਦੇ ਬਾਵਜੂਦ ਉਸ ਦੀ ਕਲਾ ਦੇ ਸਾਰੇ ਹੀ ਮੁਰੀਦ ਹਨ। ਹਿੰਦੂ ਧਰਮ ਦੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਤਸਵੀਰ ਬਣਾ ਕੇ ਸ਼ਹੀਦੀ ਦਿਵਸ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਭਾਵੇਂ ਉਸ ਦੇ ਹੱਥ-ਪੈਰ ਆਮ ਬੱਚਿਆਂ ਵਾਂਗ ਕੰਮ ਨਹੀਂ ਕਰਦੇ, ਪਰ ਇਸ ਦੇ ਬਾਵਜੂਦ ਉਸ ਦੀ ਪੇਂਟਿੰਗ ਦੀ ਅਤੇ ਡਰਾਇੰਗ ਦੀ ਕਲਾ ਬੇਮਿਸਾਲ ਹੈ ਅਤੇ ਉਹ ਜਿਸ ਵੀ ਕੰਮ ਨੂੰ ਸ਼ੁਰੂ ਕਰਦਾ ਹੈ, ਉਸ ਨੂੰ ਪੂਰਾ ਕਰਕੇ ਹੀ ਛੱਡਦਾ ਹੈ। ਨਵਦੀਪ ਪੜਾਈ ਵਿੱਚ ਵੀ ਹੁਸ਼ਿਆਰ ਹੈ ਅਤੇ ਹਰ ਸਾਲ ਆਪਣੇ ਸਕੂਲ ਵਿੱਚ ਅਵੱਲ ਆਉਂਦਾ ਹੈ। ਕਈ ਵਾਰ ਡਰਾਇੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨਾਮ ਵੀ ਜਿੱਤ ਚੁੱਕਾ ਹੈ। ਉਸ ਦੇ ਇਸ ਜਜ਼ਬੇ ਅਤੇ ਮਿਹਨਤ ਨੂੰ ਉਸ ਦੇ ਪਿੰਡ ਦੇ ਲੋਕ ਹੀ ਨਹੀਂ, ਸਗੋਂ ਸਕੂਲ ਦੇ ਅਧਿਆਪਕ ਵੀ ਸਲਾਮ ਕਰਦੇ ਹਨ।
ਸਕਿਨ ਦੀ ਬਿਮਾਰੀ ਤੋਂ ਪੀੜਿਤ:ਨਵਦੀਪ ਦੇ ਪਿਤਾ ਹਰਦੀਪ ਬਾਵਾ ਨੇ ਦੱਸਿਆ ਹੈ ਕਿ ਉਹ ਬਚਪਨ ਤੋਂ ਹੀ ਇੱਕ ਸਕਿਨ ਦੀ ਬਿਮਾਰੀ ਤੋਂ ਪੀੜਿਤ ਹੈ। ਉਸ ਦੀ ਸਕਿਨ ਉਤਰਦੀ ਰਹਿੰਦੀ ਹੈ ਅਤੇ ਸਕਿਨ ਬਹੁਤ ਜਿਆਦਾ ਸੈਂਸੇਟਿਵ ਹੈ। ਖਾਸ ਕਰਕੇ ਗਰਮੀਆਂ ਵਿੱਚ ਉਸ ਦੀ ਸਕਿਨ ਬਹੁਤ ਜਿਆਦਾ ਸੈਂਸੇਟਿਵ ਹੋ ਜਾਂਦੀ ਹੈ ਅਤੇ ਉਸ ਦਾ ਇਲਾਜ ਉਹ ਕਈ ਥਾਵਾਂ ਤੋਂ ਕਰਵਾ ਚੁੱਕੇ ਹਨ, ਪਰ ਹਾਲੇ ਵੀ ਉਸ ਦੀ ਦਵਾਈ ਚੱਲ ਰਹੀ ਹੈ। ਨਵਦੀਪ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਪਤਾ ਹੀ ਨਹੀਂ ਸੀ, ਫਿਰ ਪੀਜੀਆਈ ਜਾ ਕੇ ਉਨ੍ਹਾਂ ਨੇ ਇਸ ਦਾ ਇਲਾਜ ਕਰਵਾਇਆ। ਉਨ੍ਹਾਂ ਕਿਹਾ ਕਿ ਹੁਣ ਵੀ ਉਸ ਦੀ ਹਜ਼ਾਰਾਂ ਰੁਪਏ ਦੀ ਦਵਾਈ ਉਹ ਹਰ ਮਹੀਨੇ ਲਿਆਉਂਦੇ ਹਨ। ਲੱਖਾਂ ਰੁਪਏ ਹੁਣ ਤੱਕ ਉਸ ਦੇ ਇਲਾਜ ਉੱਤੇ ਲੱਗ ਚੁੱਕੇ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਹੋਰ ਦੋ ਬੇਟੀਆਂ ਵੀ ਹਨ ਅਤੇ ਨਵਦੀਪ ਉਸ ਦਾ ਇਕਲੌਤਾ ਪੁੱਤ ਹੈ, ਪਰ ਉਸ ਨੇ ਉਸ ਦੇ ਇਲਾਜ ਵਿੱਚ ਕਦੇ ਵੀ ਕੋਈ ਕਸਰ ਨਹੀਂ ਛੱਡੀ।
ਬਚਪਨ ਤੋਂ ਪੇਂਟਿੰਗ ਦਾ ਸ਼ੌਂਕ:ਕਾਫੀ ਸਾਲਾਂ ਤੋਂ ਨਵਦੀਪ ਨੂੰ ਡਰਾਇੰਗ ਅਤੇ ਪੇਂਟਿੰਗ ਦਾ ਸ਼ੌਂਕ ਹੈ। ਉਸ ਨੇ ਮੋਬਾਈਲ ਤੇ ਦੇਖ ਦੇਖ ਕੇ ਡਰਾਇੰਗ ਕਰਨੀ ਸ਼ੁਰੂ ਕੀਤੀ ਸੀ ਅਤੇ ਫਿਰ ਉਸ ਨੇ ਪਹਿਲਾਂ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਬਣਾਈਆਂ। ਉਸ ਤੋਂ ਬਾਅਦ ਸਕੂਲ ਵਿੱਚ ਹੋਣ ਵਾਲੇ ਡਰਾਇੰਗ ਦੇ ਮੁਕਾਬਲਿਆਂ ਵਿੱਚ ਵੀ ਉਹ ਹਿੱਸਾ ਲੈਣ ਲੱਗਾ ਜਿਸ ਵਿੱਚ ਉਸ ਨੇ ਕਈ ਇਨਾਮ ਵੀ ਜਿੱਤੇ ਹਨ। ਨਵਦੀਪ ਹੁਣ ਲੁਧਿਆਣਾ ਦੇ ਹੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੀਲਾ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਹਾਲਾਂਕਿ ਉਹ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਹੀ ਸਕੂਲ ਜਾਂਦਾ ਹੈ, ਕਿਉਂਕਿ ਬਿਮਾਰ ਹੋਣ ਕਰਕੇ ਉਸ ਨੂੰ ਸਕੂਲ ਤੋਂ ਰਾਹਤ ਮਿਲ ਜਾਂਦੀ ਹੈ, ਪਰ ਉਹ ਪੜ੍ਹਾਈ ਵਿੱਚ ਕਾਫੀ ਤੇਜ਼ ਹੈ।