ਲੁਧਿਆਣਾ: ਲੁਧਿਆਣਾ 'ਚ ਕੁੱਲ ਵੋਟਰਾਂ ਦੀ ਗਿਣਤੀ 26 ਲੱਖ 50 ਹਜ਼ਾਰ 344 ਵੋਟਰ ਹਨ ਜਦੋਂ ਕਿ ਮਰਦ ਵੋਟਰ 14 ਲੱਖ 14 ਹਜ਼ਾਰ 750 ਨੇ ਅਤੇ ਮਹਿਲਾ ਵੋਟਰਾਂ ਦੀ ਗਿਣਤੀ 12 ਲੱਖ 35 ਹਜ਼ਾਰ 471 ਹੈ। ਲੁਧਿਆਣਾ 'ਚ 14 ਵਿਧਾਨ ਸਭਾ ਹਲਕੇ ਹਨ ਅਤੇ ਲੱਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ 80 ਫੀਸਦੀ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਹਨ, ਜਿਨਾਂ 'ਚ ਜਿਆਦਾ ਮਰਦ ਉਮੀਦਵਾਰ ਹਨ। ਲੁਧਿਆਣਾ 'ਚ ਸਿਰਫ ਆਮ ਆਦਮੀ ਪਾਰਟੀ ਨੇ ਹੀ 2 ਮਹਿਲਾਂਵਾਂ ਨੂੰ ਟਿਕਟ ਦਿੱਤੀ ਹੈ।
ਜਿਸ ਵਿਚ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਹੀ ਸਰਵਜੀਤ ਕੌਰ ਮਾਣੂੰਕੇ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ ਛੀਨਾ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਇਕ ਮਹਿਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸਦਾ ਨਾਮ ਜਸਦੀਪ ਕੌਰ ਯਾਦੂ ਹੈ, ਇਨ੍ਹਾਂ ਨੂੰ ਖੰਨਾ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਮਹਿਲਾਂਵਾਂ ਦੀ ਕੁੱਲ ਵੋਟ ਦੇ ਮੁਕਾਬਲੇ ਇਹ ਉਮੀਦਵਾਰੀ ਬਹੁਤ ਘੱਟ ਹੈ।
ਰਵਾਇਤੀ ਪਾਰਟੀਆਂ ਨੇ ਨਹੀਂ ਜਤਾਇਆ ਮਹਿਲਾ ਉਮੀਦਵਾਰਾਂ 'ਤੇ ਭਰੋਸਾ
ਹਾਲਾਂਕਿ ਮਹਿਲਾ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਹੈ ਲੁਧਿਆਣਾ 'ਚ ਮਹਿਲਾ ਵੋਟਰਾਂ ਦੇ ਮੁਕਾਬਲੇ ਉਮੀਦਵਾਰ ਸਿਰਫ 3 ਹੀ ਹਨ, ਕਾਂਗਰਸ ਅਤੇ ਭਾਜਪਾ ਨੇ ਫਿਲਹਾਲ ਲੁਧਿਆਣਾ ਤੋਂ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਦੋਂ ਕੇ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚੇ ਦੇ ਵੀ ਲੁਧਿਆਣਾ ਤੋਂ ਮਰਦ ਹੀ ਉਮੀਦਵਾਰ ਹਨ। ਲੁਧਿਆਣਾ ਕੇਂਦਰੀ ਤੋਂ ਸਾਬਕਾ ਮੰਤਰੀ ਰਹੇ ਤੇ ਭਾਜਪਾ ਦੇ ਸੀਨੀਅਰ ਲੀਡਰ ਸਤਪਾਲ ਗੋਂਸਾਈ ਦੀ ਨੂੰਹ ਮਨੀਸ਼ਾ ਗੋਸਾਈ ਨੂੰ ਟਿਕਟ ਦੇਣ ਦੇ ਕਿਆਸ ਚੱਲ ਰਹੇ ਸਨ ਪਰ ਭਾਜਪਾ ਵੱਲੋਂ ਵੀ ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਬੀ ਨੂੰ ਟਿਕਟ ਦੇ ਦਿੱਤੀ ਗਈ ਹੈ।