ਲੁਧਿਆਣਾ: ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨੀ ਅੰਕੜਾ 100 ਤੋਂ ਪਾਰ ਹੋ ਗਿਆ ਹੈ ਅਤੇ 3 ਮਰੀਜ਼ਾਂ ਨੇ ਕੱਲ੍ਹ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਦਮ ਤੋੜ ਦਿੱਤਾ ਹੈ। 55 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਮੰਗਲਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਸਤੀ ਜੋਧੇਵਾਲ ਸਕੂਲ ਦੀ ਪ੍ਰਿੰਸੀਪਲ ਸਣੇ 7 ਅਧਿਆਪਕ ਕੋਰੋਨਾ ਪੀੜਤ ਪਾਏ ਗਏ ਹਨ। ਜਿਨ੍ਹਾਂ ਵਿੱਚ ਮਾਡਲ ਟਾਊਨ ਭੰਡਾਰੀ ਖੁਰਦ ਪੰਜਾਬ ਪਬਲਿਕ ਸਕੂਲ ਸਮਰਾਲਾ ਕੋਟ ਮੰਗਲ ਸਿੰਘ ਅਤੇ ਜੀ.ਐਚ.ਜੀ ਖਾਲਸਾ ਸਕੂਲ ਅਹਿਮਦਗਡ਼੍ਹ ਅਤੇ ਸਰਕਾਰੀ ਸਕੂਲ ਕੈਲਪੁਰ ਆਈਟੀਆਈ ਕਾਲਜ ਸਮਰਾਲਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਮਾਡਲ ਟਾਊਨ ਦੇ ਐੱਸ.ਐੱਚ.ਓ ਵੀ ਕੋਰੋਨਾ ਤੋਂ ਪੌਜ਼ੀਟਿਵ ਪਾਏ ਗਏ ਹਨ ਅਤੇ ਡੀਐਮਸੀ ਦੀਆਂ ਦੋ ਨਰਸਾਂ ਵੀ ਕੋਰੋਨਾ ਪੀੜਤ ਹਨ ਜਿਸ ਕਰਕੇ ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਨਵੀਂਆਂ ਹਦਾਇਤਾਂ ਲਾਗੂ ਕਰਦੀਆਂ ਗਈਆਂ ਹਨ। ਸਕੂਲੀ ਬੱਚਿਆਂ ਵਿੱਚ ਲਗਾਤਾਰ ਇਸ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ।
ਉਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਜਿਥੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਆਪਸ ਵਿੱਚ ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇਨਫਰਾਸਟਰੱਕਚਰ ਦੀ ਕੋਈ ਕਮੀ ਨਹੀਂ ਹੈ 1500 ਬੈੱਡ ਹਨ ਅਤੇ ਵੈਂਟੀਲੇਟਰਾਂ ਦੀ ਵੀ ਕੋਈ ਕਮੀ ਨਹੀਂ ਹੈ ਇਸ ਕਰਕੇ ਲੋਕ ਵੱਧ ਤੋਂ ਵੱਧ ਇਹਤਿਹਾਤ ਵਰਤਣ।