ਕਪੂਰਥਲਾ: ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ 'ਚੋਂ ਇਕ ਔਰਤ ਦੀ ਭੇਤਭਰੀ ਹਲਾਤਾਂ 'ਚ ਮੌਤ ਦੀ ਖਬਰ ਸਾਹਮਣੇ ਆਈ। ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਦੇਖਿਆ ਕਿ ਔਰਤ ਦੀ ਲਾਸ਼ ਲਹੂ ਲੁਹਾਣ ਹੋਈ ਪਈ ਸੀ। ਇਹ ਘਟਨਾ ਬੇਬੇ ਨਾਨਕੀ ਅਰਬਨ ਅਸਟੇਟ ਦੀ ਇਕ ਕੋਠੀ ’ਚ ਵਾਪਰੀ, ਜਿੱਥੇ ਜਸਵੀਰ ਕੌਰ ਨਾਮ ਦੀ ਮਹਿਲਾ ਇੱਕਲੀ ਰਹ ਰਹੀ ਸੀ। ਪੁਲਿਸ ਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਘਰ ਵਿਚ ਇਕੱਲੀ ਰਹਿ ਰਹੀ ਸੀ ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਹੈ।
ਕਪੂਰਥਲਾ 'ਚ ਮਹਿਲਾ ਦਾ ਹੋਇਆ ਬੇਰਹਿਮੀ ਨਾਲ ਕਤਲ, ਡਿਪ੍ਰੈਸ਼ਨ ਦੇ ਸ਼ਿਕਾਰ ਜਵਾਈ 'ਤੇ ਸ਼ੱਕ - ਖ਼ੁਦਕੁਸ਼ੀ ਕਰਨ ਦੀ ਵੀਡੀਓ ਵਾਇਰਲ
ਕਪੂਰਥਲਾ 'ਚ ਇਕ ਮਹਿਲਾ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਦੀ ਸੂਈ ਜਵਾਈ 'ਤੇ ਢੁਕਦੀ ਨਜ਼ਰ ਆ ਰਹੀ ਹੈ, ਕਿਉਕਿ ਘਟਨਾ ਤੋਂ ਪਹਿਲਾਂ ਮ੍ਰਿਤਕ ਮਹਿਲਾ ਦੇ ਜਵਾਈ ਨੇ ਖ਼ੁਦਕੁਸ਼ੀ ਕਰਨ ਦੀ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਡਿਪ੍ਰੈਸ਼ਨ 'ਚ ਸੀ, ਇਸ ਕਰਕੇ ਖ਼ੁਦਕੁਸ਼ੀ ਦੀ ਜਗ੍ਹਾ ਉਸ ਨੇ ਆਪਣੀ ਸੱਸ ਦਾ ਕਤਲ ਕੀਤਾ ਹੋ ਸਕਦਾ ਹੈ।
ਖ਼ੁਦਕੁਸ਼ੀ ਕਰਨ ਦੀ ਵੀਡੀਓ ਰਿਕਾਰਡ ਕਰਕੇ ਵਾਇਰਲ : ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਦਾ ਇਕ ਪੁੱਤ ਤੇ ਦੋ ਧੀਆਂ ਵਿਦੇਸ਼ ਰਹਿੰਦੀਆਂ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਘਟਨਾ ਸਥਾਨ ’ਤੇ ਪਹੁੰਚੇ ਜਿੰਨਾ ਵੱਲੋਂ ਜਾਂਚ ਅਰੰਭੀ ਗਈ ਹੈ। ਡੀਐਸਪੀ ਅਨੁਸਾਰ ਇਸ ਮ੍ਰਿਤਕ ਔਰਤ ਦਾ ਜਵਾਈ ਬਲਵਿੰਦਰ ਸਿੰਘ ਪੱਪੂ ਨਿਵਾਸੀ ਸਰਾਏ ਜੱਟਾਂ ਵੀ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਵਿਚ ਸੀ, ਜਿਸ ਵੱਲੋਂ ਅੱਜ ਸ਼ਾਮ ਇਕ ਵੀਡੀਓ ਬਣਾ ਕੇ ਆਪਣੇ ਫੋਨ ਤੋਂ ਵੱਖ-ਵੱਖ ਰਿਸ਼ਤੇਦਾਰਾਂ ਨੂੰ ਵਾਇਰਲ ਕੀਤੀ ਗਈ ਜਿਸ ਵਿਚ ਉਸ ਵੱਲੋਂ ਖੁਦਕੁਸ਼ੀ ਕਰਨ ਬਾਰੇ ਕਿਹਾ ਗਿਆ ਹੈ। ਜਿਸ ਦੀ ਚਿੰਤਾ ਵਿਚ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਦੇ ਲਈ ਪੁਲਿਸ ਨੇ ਕਾਰਵਾਈ ਕੀਤੀ। ਉਸ ਦੀ ਲੋਕੇਸ਼ਨ ਟਰੇਸ ਕੀਤੀ ਗਈ। ਇਸ ਦੌਰਾਨ ਉਸ ਦੀ ਆਖਰੀ ਲੋਕੇਸ਼ਨ ਸਹੁਰਾ ਪਰਿਵਾਰ ਦੀ ਮਿਲੀ। ਜਿੱਥੇ ਪੁਲਿਸ ਪਹੁੰਚੀ ਤਾਂ ਅੱਗੇ ਦੇਖ ਕੇ ਸਭ ਹੱਕੇ ਬੱਕੇ ਰਹਿ ਗਏ। ਅੱਗੇ ਪੁਲਿਸ ਨੂੰ ਬਲਵਿੰਦਰ ਸਿੰਘ ਤਾਂ ਨਹੀਂ ਮਿਲਿਆ, ਪਰ ਉਸ ਦੀ ਸੱਸ ਜਸਵੀਰ ਕੌਰ ਦੀ ਲਾਸ਼ ਪਈ ਸੀ।
ਵਿਦੇਸ਼ ਜਾਣ 'ਤੇ ਅਸਫਲ ਸੀ ਬਲਵਿੰਦਰ ਸਿੰਘ :ਪੁਲਿਸ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ । ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਮ੍ਰਿਤਕ ਮਹਿਲਾ ਜਸਵੀਰ ਕੌਰ ਦੇ ਜਵਾਈ ਦੀ ਭਾਲ ਕਰ ਰਹੀ ਹੈ ਤੇ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਔਰਤ ਦੇ ਤਿੰਨ ਬੱਚੇ ਇਕ ਲੜਕਾ ਤੇ ਦੋ ਲੜਕੀਆਂ ਹਨ ਤੇ ਸਾਰੇ ਹੀ ਅਮਰੀਕਾ ਵਿਚ ਰਹਿ ਰਹੇ ਹਨ। ਇਹ ਵੀ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੂੰ ਵੀ ਵਿਦੇਸ਼ ਲਿਜਾਣ ਲਈ ਯਤਨ ਕੀਤੇ ਗਏ ਪਰ ਉਹ ਰਸਤੇ ’ਚੋਂ ਹੀ ਫੜ ਹੋਣ ਕਾਰਨ ਵਾਪਸ ਭੇਜ ਦਿੱਤਾ ਗਿਆ ਜਿਸ ਕਾਰਨ ਉਹ ਕੁਝ ਦਿਨਾਂ ਤੋਂ ਕਾਫੀ ਡਿਪ੍ਰੈਸ਼ਨ ’ਚ ਸੀ। ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਅਨੁਸਾਰ ਔਰਤ ਦੇ ਕਤਲ ਦੀਆਂ ਤਾਰਾਂ ਉਸ ਦੇ ਜਵਾਈ ਨਾਲ ਜੁੜਦੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਬੀਤੀ ਰਾਤ ਤੋਂ ਬਿਜਲੀ ਬੰਦ ਰਹਿਣ ਕਾਰਨ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਵਾਰਦਾਤ ਸਮੇਂ ਬੰਦ ਸਨ।