ਕਪੂਰਥਲਾ/ਪਿੰਡ ਧਾਲੀਵਾਲ ਬੇਟ :ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਕੁਝ ਇਲਾਕੇ ਹੜ੍ਹ ਦੇ ਪਾਣੀ ਦਾ ਸ਼ਿਕਾਰ ਹੋ ਰਹੇ ਹਨ। ਬਿਆਸ ਦਰਿਆ ਦੇ ਪਾਣੀ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਤੁਹਾਨੂੰ ਬਿਆਸ ਦਰਿਆ ਨਜਦੀਕ ਕਪੂਰਥਲਾ ਦੀ ਹੱਦ ਵਿੱਚ ਪੈਂਦੇ ਧਾਲੀਵਾਲ ਬੇਟ ਸਣੇ ਹੋਰਨਾਂ ਕਈ ਪਿੰਡਾਂ ਨਾਲ ਬਣੇ ਬੰਨ੍ਹ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ, ਜੋ ਕਿ ਦੇਖਣ ਵਿੱਚ ਖੇਤ ਨਹੀਂ ਬਲਕਿ ਦਰਿਆ ਦਾ ਹੀ ਰੂਪ ਲੱਗ ਰਹੇ ਹਨ, ਪਰ ਜਿਸ ਜਗ੍ਹਾ ਤੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਉਸ ਬੰਨ੍ਹ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ਉੱਤੇ ਬਿਆਸ ਦਰਿਆ ਦਾ ਵਹਾਅ ਹੈ।
35 ਸਾਲ ਬਾਅਦ ਦੇਖਿਆ ਅਜਿਹਾ ਮੰਜਰ:ਇਸ ਸਬੰਧੀ ਜਦ ਸਾਡੀ ਟੀਮ ਵਲੋਂ ਬੰਨ੍ਹ ਦੇ ਬਿਲਕੁਲ ਨਾਲ ਦੂਜੇ ਪਾਸੇ ਉੱਤੇ ਰਹਿ ਰਹੇ ਲੋਕਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਰਹਿ ਰਹੇ ਨੰਬਰਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੰਨੀ ਭਾਰੀ ਮਾਤਰਾ ਅਤੇ ਰਫ਼ਤਾਰ ਵਿੱਚ ਪਾਣੀ ਅੱਜ ਤੋਂ ਕਰੀਬ 35 ਸਾਲ ਪਹਿਲਾਂ 1988 ਵੇਲ੍ਹੇ ਦੇਖਿਆ ਸੀ, ਜਦ ਇਸ ਬੰਨ੍ਹ ਤੋਂ ਅਗਲੇ ਖੇਤਰ ਵਿੱਚ ਪਾਣੀ ਆਉਣ ਕਾਰਨ ਨੇੜਲੇ ਕਈ ਪਿੰਡ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੋਂ ਬਿਆਸ ਦਰਿਆ ਚੜ੍ਹਿਆ ਹੋਇਆ ਹੈ, ਪਰ ਅੱਜ ਤਕ ਕਿਸੇ ਅਧਿਕਾਰੀ ਵਲੋਂ ਆ ਕੇ, ਉਨ੍ਹਾਂ ਦੀ ਸਾਰ ਨਹੀਂ ਲਈ ਗਈ।