ਕਪੂਰਥਲਾ:ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 16 ਜਨਵਰੀ ਨੂੰ ਕਪੂਰਥਲਾ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਚ ਤਾਕਤੀ ਜੈਮਰ, ਡੋਰ ਮੈਟਲ ਡਿਟੈਕਟਰ ਸਮੇਤ ਹੋਰ ਉਪਕਰਨ ਸਥਾਪਤ ਕਰਨ ਤੋਂ ਇਲਾਵਾ ਵਿਭਾਗ ਨੂੰ ਵਾਹਨ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਜੇਲ੍ਹਾਂ ਵਿਚ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹ ਅਥਾਰਟੀ ਦੀ ਅਪੀਲ ਉਤੇ ਅਤਿ ਆਧੁਨਿਕ ਤਕਨੀਕ ਨਾਲ ਹੋਰ ਸੀ.ਸੀ.ਟੀ.ਵੀ. ਕੈਮਰੇ ਜੇਲ੍ਹਾਂ ਵਿਚ ਲਾਏ ਜਾਣਗੇ ਤਾਂ ਕਿ ਸੁਰੱਖਿਆ ਪ੍ਰਬੰਧਾਂ ਵਿਚ ਕੋਈ ਕਮੀ ਬਾਕੀ ਨਾ ਰਹੇ।
ਕੈਦੀਆਂ ਨੂੰ ਆਪਣੇ ਅਤੀਤ ਦਾ ਤਿਆਗ ਕਰਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਦਿੱਤਾ ਸੱਦਾ:ਜੇਲ੍ਹਾਂ ਵਿਚ ਨਸ਼ੇ ਤੇ ਮੋਬਾਈਲਾਂ ਦੀ ਸਪਲਾਈ ਨੂੰ ਸਖ਼ਤੀ ਨਾਲ ਰੋਕਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਗੈਰ-ਕਾਨੂੰਨੀ ਰੁਝਾਨ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਪ੍ਰਮੁੱਖ ਸਰੋਕਾਰ ਹੈ ਅਤੇ ਇਸ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕੈਦੀਆਂ ਨੂੰ ਆਪਣੇ ਅਤੀਤ ਦਾ ਤਿਆਗ ਕਰਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।