ਸੁਲਤਾਨਪੁਰ ਲੋਧੀ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੰਗਤ ਦੀ ਆਮਦ ਵਧਣੀ ਸ਼ੁਰੂ ਹੋ ਗਈ ਹੈ। ਆਮਦ ਵਧਣ ਨਾਲ਼ ਸਰਕਾਰ ਦੇ ਪ੍ਰੰਬਧ ਮੇਲੇ ਤੋਂ ਪਹਿਲਾ ਹੀ ਖੋਖਲੇ ਜਾਪਣ ਲੱਗ ਗਏ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਆਉਣ ਵਾਲੀ ਸੰਗਤ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਵੱਡੇ-ਵੱਡੇ ਜਾਮ ਲੱਗ ਗਏ ਹਨ ਜਿਸ ਕਰਕੇ ਸਥਾਨਕ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਲੰਘੇ ਸਨਿੱਚਰਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਵਾਲੀ ਸੰਗਤ ਦਾ ਅੰਕੜਾ 3 ਲੱਖ ਨੂੰ ਪਾਰ ਕਰ ਗਿਆ। ਇਹ ਤਾਂ ਹੋਣਾ ਸੁਭਾਵਿਕ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਸੰਗਤ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ ਹੋਵੇਗੀ। ਇਹ ਤਾਂ ਹਾਲੇ ਸ਼ੁਰੂਆਤ ਹੀ ਹੈ ਜੇ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਹੱਥਾਂ ਪੈਰਾਂ ਦੀ ਪੈ ਗਈ ਹੈ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਸੰਗਤ ਲਈ ਅਤੇ ਸਥਾਨਕ ਪ੍ਰਸ਼ਾਸ਼ਨ ਲਈ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ। ਹਾਲਾਂਕਿ ਸਰਕਾਰ ਨੇ 1 ਨਵੰਬਰ ਤੋਂ ਟ੍ਰੈਫਿਕ ਦੀ ਸਮੱਸਿਆ ਨਾਲ਼ ਨਜਿੱਠਣ ਲਈ 300 ਮਿੰਨੀ ਬੱਸਾਂ ਅਤੇ 800 ਈ ਰਿਕਸ਼ੇ ਚਲਾਉਣ ਦੀ ਗੱਲ ਕਹੀ ਹੈ।