ਕਪੂਰਥਲਾ: ਜ਼ਿਲ੍ਹੇ ਦੀ ਮਾਡਰਨ ਅਤੇ ਕੇਂਦਰੀ ਕਹੀ ਜਾਣ ਵਾਲੀ ਜੇਲ੍ਹ ਵਿੱਚ ਵੀ ਹੁਣ ਗੈਂਗਵਾਰਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ 40-50 ਕੈਦੀਆਂ ਵਿਚਾਲੇ ਗੈਂਗਵਾਰ ਹੋਈ। ਇਸ ਵਿੱਚ ਚਾਰ ਕੈਦੀ ਜ਼ਖ਼ਮੀ ਹੋ ਗਏ। ਜੇਲ੍ਹ ਪ੍ਰਸ਼ਾਸਨ ਨੇ ਜ਼ਖ਼ਮੀ ਕੈਦੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦੀ ਐਮਰਜੈਂਸੀ ਵਿੱਚ ਲਿਆਂਦਾ। ਗੰਭੀਰ ਰੂਪ ਨਾਲ ਜ਼ਖ਼ਮੀ ਇੱਕ ਕੈਦੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੰਭੀਰ ਜ਼ਖਮੀ ਕੈਦੀ ਦੀ ਮੌਤ ਹੋ ਗਈ ਹੈ। ਜਦਕਿ ਜੇਲ੍ਹ ਪ੍ਰਸ਼ਾਸਨ ਇਸ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਡਾਕਟਰਾਂ ਨੇ ਦੱਸੀ ਕੈਦੀਆਂ ਦੀ ਹਾਲਤ: ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਕੌਰ ਅਤੇ ਡਾਕਟਰ ਵਿਵੇਕ ਨੇ ਦੱਸਿਆ ਕਿ ਸਵੇਰੇ ਜੇਲ੍ਹ ਸਟਾਫ਼ ਨੇ ਚਾਰ ਕੈਦੀਆਂ ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਜੇਲ੍ਹ ਵਿੱਚੋਂ ਮਾਡਰਨ ਜੇਲ੍ਹ ਕਪੂਰਥਲਾ ਜ਼ਖ਼ਮੀ ਹਾਲਤ ਵਿੱਚ ਆਏ ਸਨ । ਇਨ੍ਹਾਂ ਵਿੱਚੋਂ ਇੱਕ ਕੈਦੀ ਸਿਮਰਨਜੀਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬਾਕੀ ਤਿੰਨ ਜ਼ਖ਼ਮੀਆਂ ਦਾ ਸਰਜੀਕਲ ਵਾਰਡ ਵਿੱਚ ਇਲਾਜ ਚੱਲ ਰਿਹਾ ਹੈ।
ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਗੈਂਗਵਾਰ, ਚਾਰ ਕੈਦੀ ਜ਼ਖ਼ਮੀ ਇੱਕ ਦੀ ਹਾਲਤ ਗੰਭੀਰ
ਕਪੂਰਥਲਾ ਦੀ ਮਾਡਰਨ ਜੇਲ੍ਹ ਅੰਦਰ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਗੈਂਗਵਾਰ ਹੋਈ ਹੈ। ਇਸ ਗੈਂਗਵਾਰ ਦੌਰਾਨ 4 ਕੈਦੀ ਜ਼ਖ਼ਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੂਤਰਾਂ ਮੁਤਾਬਿਕ ਇਹ ਗੈਂਗਵਾਰ 40 ਤੋਂ 50 ਕੈਦੀਆਂ ਦੇ ਵਿਚਕਾਰ ਹੋਈ ਹੈ ।
ਜੇਲ੍ਹਾਂ ਅੰਦਰ ਹੋਈ ਗੈਂਗਵਾਰ: ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਕੈਦੀਆਂ ਨੇ ਦੱਸਿਆ ਕਿ ਉਹ ਆਪਣੀ ਬੈਰਕ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਕੁਝ ਕੈਦੀਆਂ ਨੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੜਕੇ 40-50 ਬੰਦੀਆਂ ਨੇ ਜੇਲ੍ਹ ਦੀਆਂ ਬੈਰਕਾਂ ਵਿੱਚ ਸੁੱਤੇ ਪਏ ਉਕਤ ਕੈਦੀਆਂ 'ਤੇ ਹਮਲਾ ਕਰ ਦਿੱਤਾ। ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਗੰਭੀਰ ਜ਼ਖ਼ਮੀ ਕੈਦੀ ਦੀ ਮੌਤ ਬਾਰੇ ਜਾਣਨ ਲਈ ਐਸਪੀ-ਜੇਲ੍ਹ ਇਕਬਾਲ ਸਿੰਘ ਧਾਲੀਵਾਲ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਭਾਵੇਂ ਪੰਜਾਬ ਦੀ ਸਰਕਾਰ ਲਗਾਤਾਰ ਜੇਲ੍ਹਾਂ ਨੂੰ ਅਤਿ-ਸੁਰੱਖਿਅਤ ਅਤੇ ਹਾਈਟੈੱਕ ਕਰਨ ਦੇ ਦਾਅਵੇ ਕਰ ਰਹੀ ਹੋਵੇ ਪਰ ਇਹ ਸੱਚਾਈ ਹੈ ਕਿ ਜੇਲ੍ਹਾਂ ਹੁਣ ਕੈਦੀਆਂ ਅਤੇ ਗੈਂਗਸਟਰਾਂ ਦੀਆਂ ਪਨਾਹਗਾਹ ਬਣ ਕੇ ਰਹਿ ਗਈਆਂ ਨੇ। ਕਪੂਰਥਲਾ ਦਾ ਇਹ ਤਾਜ਼ਾ ਮਾਮਲਾ ਵੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ।