ਸੁਲਤਾਨਪੁਰ ਲੋਧੀ: ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦੋ ਦਿਨਾਂ ਤੋਂ ਕਰਵਾਏ ਜਾ ਰਹੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੇ ਸ਼ਰਧਾਮਈ ਮਾਹੌਲ ਸਿਰਜ ਦਿੱਤਾ ਹੈ। ਸ਼ੋਅ ਸੰਗਤਾਂ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਨਿਹਾਲ ਹੋਏ ਸ਼ਰਧਾਲੂ, ਸੂਬਾ ਸਰਕਾਰ ਦੀ ਕੀਤੀ ਸ਼ਲਾਘਾ
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿੱਖੇ ਲਾੀਚ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਜਿੱਥੇ ਲੋਕਾਂ ਨੇ ਆਨੰਦ ਮਾਣਿਆ ਉੱਥੇ ਹੀ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਜਿੱਥੇ ਲਾਈਟ ਐਂਡ ਸਾਊਂਡ ਸ਼ੋਅ ਦੀ ਅਲੌਕਿਕ ਰੌਸ਼ਨੀ ਨੇ ਚੁਫੇਰਾ ਜਗਮਗਾ ਦਿੱਤਾ, ਉਥੇ ਹੀ ਪਵਿੱਤਰ ਸ਼ਹਿਰ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੂੰ ਸ਼ੋਅ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਗੁਰੂ ਸਾਹਿਬ ਦੀ ਜੀਵਨੀ ਅਤੇ ਵਿਚਾਰਧਾਰਾ ਨੂੰ ਆਧੁਨਿਕ ਤਕਨੀਕ ਰਾਹੀਂ ਦੇਖਣ ਵਾਲੀਆਂ ਸੰਗਤਾਂ ਨੇ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਲਈ ਇਹ ਸ਼ੋਅ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ।
ਸ਼ਹੀਦ ਊਧਮ ਸਿੰਘ ਚੌਕ ਨੇੜੇ ਪਾਰਕਿੰਗ ਸਥਾਨ ਉਪਰ 1 ਨਵੰਬਰ ਤੋਂ ਚੱਲ ਰਹੇ ਡਿਜੀਟਲ ਮਿਊਜ਼ੀਅਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ ਅਤੇ ਇਸੇ ਹੀ ਸਥਾਨ ਉਪਰ 2 ਨਵੰਬਰ ਤੋਂ ਸ਼ੁਰੂ ਲਾਈਟ ਐਂਡ ਸਾਊਂਡ ਵੀ ਜਨਤਾ ਲਈ ਆਕਰਸ਼ਨ ਦਾ ਕੇਂਦਰ ਰਿਹਾ। ਰਜਿਸਟ੍ਰੇਸ਼ਨ ਮੁਤਾਬਿਕ ਅੱਜ ਲਗਭਗ 2900 ਲੋਕਾਂ ਨੇ ਡਿਜ਼ੀਟਲ ਮਿਊਜੀਅਮ ਦਾ ਆਨੰਦ ਮਾਣਿਆ।