ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਰਬਾਬ ਪੰਡਾਲ ਵਿੱਚ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ 'ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ।
ਇਸ ਮੌਕੇ ਸਤਿੰਦਰ ਸਰਤਾਜ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਆਰਤੀ ਦਾ ਗਾਇਨ ਕੀਤਾ।
ਇਸ ਮਗਰੋਂ ਸੂਫੀ ਗੀਤ 'ਸਾਈਂ ਵੇ' ਨਾਲ ਸਤਿੰਦਰ ਸਰਤਾਜ ਨੇ ਸਮਾਂ ਬੰਨ ਦਿੱਤਾ। ਸਤਿੰਦਰ ਸਰਤਾਜ ਨੇ ਜਿੱਥੇ 'ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ' ਗੀਤ ਨਾਲ ਗੁਰਮੁਖੀ ਦੀ ਲੋੜ ਨੂੰ ਟਹਿਕਣ ਲਾਇਆ, ਉੇਥੇ ਹੀ 'ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋ ਸਮਝੋ ਦਾਤਾ ਨੇ ਸੁਖਾਲੇ ਕਰਤੇ' ਗੀਤ ਨਾਲ ਸਾਂਝੀਵਾਲਤਾ ਤੇ ਲੋੜਵੰਦਾਂ ਦੀ ਮਦਦ ਦਾ ਸੁਨੇਹਾ ਦਿੱਤਾ।
ਰਬਾਬ ਪੰਡਾਲ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਇਨਾਂ ਰੂਹਾਨੀ ਪਲਾਂ ਦਾ ਗਵਾਹ ਬਣਿਆ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਾਲ ਨੇ ਆਲਮ ਗੂੰਜਣ ਲਾ ਦਿੱਤਾ। ਇਸ ਤੋਂ ਬਿਨਾਂ 'ਇਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ', 'ਕੋਈ ਅਲੀ ਆਖੇ ਕੋਈ ਬਲੀ ਆਖੇ' ਅਤੇ 'ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ' ਸੰਗਤਾਂ ਦੀ ਕਚਿਹਿਰੀ ਵਿਚ ਹਾਜਰੀ ਭਰੀ।
ਇਸ ਮੌਕੇ ਡਿਪਟੀ ਡਾਇਰੈਕਟਰ ਲੋਕਲ ਬਾਡੀ ਬਰਜਿੰਦਰ ਸਿੰਘ, ਐੱਸਡੀਐੱਮ ਡਾ. ਚਾਰੂਮਿਤਾ, ਮੇਲਾ ਅਫ਼ਸਰ ਨਵਨੀਤ ਕੌਰ ਬੱਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾ ਨਾਲ ਬੈਠ ਕੇ ਧਾਰਮਿਕ ਗਾਇਨ ਦਾ ਆਨੰਦ ਉਠਾਇਆ।