ਸਰਦਾਰ ਜੀ ਨੇ ਵਿਦੇਸ਼ ਦਾ ਖਿਆਲ ਛੱਡ ਲਗਾ ਲਈ ਪਰੌਂਠਿਆਂ ਤੇ ਛੋਲੇ ਭਟੂਰਿਆਂ ਦੀ ਰੇਹੜੀ, ਖੁਸ਼ ਕਰ ਦੇਵੇਗੀ ਇਹ ਵੀਡੀਓ ਕਪੂਰਥਲਾ:ਅਕਸਰ ਤੁਸੀ ਸੁਣਦੇ ਹੋ ਕਿ ਪੰਜਾਬੀ ਕਿਤੇ ਵੀ ਹੋਣ ਉਹ ਹਰ ਇੱਕ ਕੰਮ ਵਿੱਚ ਮੂਹਰੇ ਹੀ ਹੁੰਦੇ ਹਨ। ਚਾਹੇ ਉਹ ਵਿਦੇਸ਼ਾਂ ਵਿੱਚ ਹੋਣ ਜਾਂ ਆਪਣੀ ਧਰਤੀ ਉੱਤੇ, ਪੰਜਾਬੀਆਂ ਦਾ ਮੁਕਾਬਲਾ ਕਿਸੇ ਵੀ ਪੱਖੋਂ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਇੱਕ ਸਿੱਖ ਨੌਜਵਾਨ ਅੱਜ ਕੱਲ੍ਹ ਇਲਾਕੇ ਭਰ ਵਿੱਚ ਆਪਣੀ ਸਖ਼ਤ ਮਿਹਨਤ ਤੇ ਬੁਲੰਦ ਹੌਂਸਲੇ ਸਦਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ, ਇਸ ਨੌਜਵਾਨ ਦਾ ਨਾਮ ਪ੍ਰਿਤਪਾਲ ਸਿੰਘ ਹੈ, ਜੋ ਪੇਸ਼ੇ ਵਜੋਂ ਇੱਕ ਛੋਲੇ ਭਟੂਰਿਆਂ ਤੇ ਪਰੌਂਠਿਆਂ ਦੀ ਰੇਹੜੀ ਲਗਾ ਕੇ ਘਰ ਵਰਗੇ ਸਵਾਦ ਨਾਲ ਤਿਆਰ ਖਾਣਾ ਸਰਵ ਕਰਦਾ ਹੈ। ਇਸ ਨੂੰ ਖਾਣ ਲਈ ਬਾਹਰੀ ਇਲਾਕਿਆਂ ਤੋਂ ਲੋਕ ਖਾਸ ਤੌਰ ਉੱਤੇ ਆਉਂਦੇ ਹਨ। ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਕੰਮ ਵਿੱਚ ਹੈ ਅਤੇ ਚੰਗੀ ਕਮਾਈ ਕਰ ਰਿਹਾ ਹੈ।
ਪਹਿਲਾਂ ਵਿਦੇਸ਼ ਜਾਣ ਦਾ ਸੀ ਵਿਚਾਰ:ਪ੍ਰਿਤਪਾਲ ਨੇ ਦੱਸਿਆ ਕਿ ਜਦੋਂ ਉਹ ਇਸ ਕੰਮ ਵਿੱਚ ਨਹੀਂ ਸੀ, ਤਾਂ ਉਸ ਵੱਲੋਂ ਇਹ ਸੋਚਿਆ ਗਿਆ ਕਿ ਉਹ ਵਿਦੇਸ਼ ਚਲਾ ਜਾਵੇ, ਕਿਉਂਕਿ ਪੰਜਾਬ ਵਿੱਚ ਉਸ ਕੋਲ ਕਰਨ ਨੂੰ ਕੋਈ ਅਜਿਹਾ ਕੰਮ ਨਹੀਂ ਸੀ ਜਿਸ ਤੋਂ ਉਸ ਨੂੰ ਕਮਾਈ ਹੋ ਸਕੇ। ਫਿਰ ਜਦੋਂ ਉਸ ਵੱਲੋਂ ਇਹ ਕੰਮ ਨੂੰ ਕਰਨ ਲਈ ਆਰੰਭਿਆ ਗਿਆ ਤਾਂ ਸ਼ੁਰੂਆਤੀ ਸਫ਼ਰ ਥੋੜਾ ਮੁਸ਼ਕਿਲਾਂ ਭਰਿਆ ਜ਼ਰੂਰ ਰਿਹਾ, ਪਰ ਬਾਅਦ ਵਿੱਚ ਸਭ ਵਧੀਆ ਚੱਲਦਾ ਗਿਆ। ਲੋਕ ਦੂਰੋਂ ਦੂਰੋਂ ਉਸ ਦੀ ਰੇਹੜੀ ਉੱਤੇ ਆਕੇ ਰੋਜ਼ ਉਸ ਦੇ ਹੱਥ ਦਾ ਬਣਿਆ ਖਾਣਾ ਖਾਣ ਲੱਗ ਗਏ ਅਤੇ ਜਿਸ ਨਾਲ ਉਸ ਨੂੰ ਹੱਲਾ ਸ਼ੇਰੀ ਮਿਲਣੀ ਸ਼ੁਰੂ ਹੋ ਗਈ ਅਤੇ ਫਿਰ ਉਸ ਵੱਲੋਂ ਬਾਹਰ (ਵਿਦੇਸ਼) ਜਾਣ ਬਾਰੇ ਸੋਚਣਾ ਬੰਦ ਕਰ ਦਿੱਤਾ ਗਿਆ।
ਪੜਾਈ ਦੇ ਨਾਲ-ਨਾਲ ਸਿਲਾਈ-ਕੱਢਾਈ-ਕੁਕਿੰਗ ਵੀ ਸਿਖਾਵੇ ਸਰਕਾਰ:ਹੁਣ ਪ੍ਰਿਤਪਾਲ ਸਿੰਘ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਆਪਣੇ ਦੇਸ਼ ਵਿੱਚ ਰਹਿ ਕੇ ਹੀ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਕਾਮਯਾਬੀ ਤੁਹਾਡੇ ਤੋਂ ਜਿਆਦਾ ਦੇਰ ਤੱਕ ਦੂਰ ਨਹੀਂ ਰਹਿ ਸਕਦੀ। ਅਜਿਹੇ ਵਿੱਚ ਪ੍ਰਿਤਪਾਲ ਸਿੰਘ ਨੇ ਦੇਸ਼ ਤੇ ਸੂਬੇ ਦੀ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਉਨ੍ਹਾਂ ਵਾਸਤੇ ਇੱਥੇ ਹੀ ਚੰਗੇ ਰੋਜ਼ਗਾਰ ਪੈਦਾ ਕਰ ਦਿੱਤੇ ਜਾਣ, ਤਾਂ ਜੋ ਆਏ ਦਿਨ ਅਸੀਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਮੌਤ ਦੀਆਂ ਕਈ ਤਰ੍ਹਾਂ ਦੀਆਂ ਮੰਦਭਾਗੀਆਂ ਖ਼ਬਰਾਂ ਸੁਣਦੇ ਹਾਂ, ਉਨ੍ਹਾਂ ਨੂੰ ਰੋਕਣ ਵਿੱਚ ਸਫਲ ਹੋ ਸਕੀਏ ਤੇ ਕਈ ਪਰਿਵਾਰਾਂ ਨੂੰ ਉਜੜਨ ਤੋਂ ਬਚਾ ਸਕੀਏ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਹੁਨਰ ਪੈਦਾ ਕਰਨ ਵਰਗੇ ਕੋਰਸ ਵੀ ਬੱਚਿਆਂ ਨੂੰ ਕਰਵਾਏ ਜਾਣੇ ਚਾਹੀਦੇ ਹਨ, ਕਿਉਂਕਿ ਅੱਜ-ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਦੇ ਹੱਥ ਵਿੱਚ ਹੁਨਰ ਹੋਣਾ ਵੀ ਪੜਾਈ ਜਿੰਨਾ ਜ਼ਰੂਰੀ ਹੈ।
ਗਾਹਕਾਂ ਨੇ ਪ੍ਰਿਤਪਾਲ ਸਿੰਘ ਦੀ ਕੀਤੀ ਸ਼ਲਾਘਾ:ਇਸ ਦੌਰਾਨ ਪ੍ਰਿਤਪਾਲ ਸਿੰਘ ਦੀ ਤਾਰੀਫ ਕਰਦੇ ਹੋਇਆ ਗਾਹਕਾਂ ਨੇ ਕਿਹਾ ਗਿਆ ਕਿ ਅਜਿਹਾ ਸੁਆਦੀ ਖਾਣਾ ਉਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਕਦੇ ਵੀ ਨਹੀਂ ਖਾਧਾ। ਉਨ੍ਹਾਂ ਕਿਹਾ ਕਿ ਇਲਾਕੇ ਭਰ ਦੇ ਲੋਕਾਂ ਨੂੰ ਅਜਿਹੇ ਦੇ ਵਿੱਚ ਪ੍ਰਿਤਪਾਲ ਸਿੰਘ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਜਿਹੜੀ ਮਿਸਾਲ ਪ੍ਰਿਤਪਾਲ ਸਿੰਘ ਵੱਲੋਂ ਕਾਇਮ ਕੀਤੀ ਗਈ ਹੈ, ਉਸ ਮਿਸਾਲ ਉੱਪਰ ਅਮਲ ਕਰਦਿਆਂ ਸਾਡੀ ਨੌਜਵਾਨ ਪੀੜ੍ਹੀ ਵੀ ਇੱਕ ਚੰਗੀ ਸਿੱਖਿਆ ਪ੍ਰਾਪਤ ਕਰ ਸਕੇ ਤੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਸਕੇ।