ਕਪੂਰਥਲਾ: ਪੰਜਾਬੀ ਗਾਇਕਾਂ ਨੂੰ ਬਲੈਕਮੇਲ ਕਰਨ ਦੀ ਸਕੀਮ ਵਿੱਚ ਇੱਕ ਨਵਾਂ ਇਲਜ਼ਾਮ ਜੁੜ ਗਿਆ ਹੈ ਅਤੇ ਹੁਣ ਨਵਾਂ ਇਲਜ਼ਾਮ ਇਹ ਸਾਹਮਣੇ ਆਇਆ ਹੈ ਕਿ ਗਾਇਕ ਦੇ ਇੱਕ ਗੀਤ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਉੱਤੇ ਪਰਚਾ ਦਰਜ ਕਰਵਾਇਆ ਜਾਵੇਗਾ,ਜੇਕਰ ਪਰਚੇ ਤੋਂ ਬਚਣਾ ਹੈ ਤਾਂ 10 ਲੱਖ ਰੁਪਏ ਦੇਣੇ ਪੈਣਗੇ। ਇਹ ਸਾਰਾ ਕੁੱਝ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਪੰਜਾਬ ਦੇ ਨਾਮੀ ਗਾਇਕ ਸਿੰਗਾ (Singer Singga) ਨੇ ਕਿਹਾ ਹੈ।
ਲਾਈਵ ਹੋਕੇ ਕੀਤੀ ਅਪੀਲ:ਸਿੰਗਾ ਨੇ ਕਿਹਾ ਕਿ ਉਸ ਖ਼ਿਲਾਫ਼ ਕਪੂਰਥਲਾ ਅਤੇ ਅਜਨਾਲਾ ਵਿੱਚ ਕੁਝ ਮਹੀਨੇ ਪਹਿਲਾਂ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਮਲੇ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉਨ੍ਹਾਂ ਕੋਲ ਪੂਰੇ ਸਬੂਤ ਹਨ ਅਤੇ ਉਨ੍ਹਾਂ ਮੁੱਖ ਮੰਤਰੀ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਲਾਈਵ ਬੋਲਦੇ ਹੋਏ ਸਿੰਗਾ ਨੇ ਕਿਹਾ ਕਿ,' 10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਮੇਰੇ ’ਤੇ ਕਪੂਰਥਲਾ ਵਿਖੇ ਧਾਰਾ 295 ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 295 ਏ ਤਹਿਤ ਐੱਫਆਈਆਰ ਦਰਜ ਹੁੰਦੀ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆਂ ਦਾ ਕੀ ਬਣੇਗਾ।’’