ਕਪੂਰਥਲਾ: ਸ਼ਹਿਰ ਵਿੱਚ ਇੰਗਲੈਂਡ ਦੀ ਇੱਕ ਐਨਆਰਆਈ ਔਰਤ ਜੋ ਦੋਹਤੇ ਦੇ ਵਿਆਹ ਦੀ ਸ਼ਾਪਿੰਗ ਲਈ ਆਈ ਸੀ ਨੂੰ ਲੁੱਟਣ ਵਾਲੇ ਇਕ ਸਨੈਚਰ ਨੂੰ ਜ਼ਿਲ੍ਹਾ ਪੁਲਿਸ ਨੇ 48 ਘੰਟਿਆਂ ਵਿਚ ਫੜ੍ਹ ਲਿਆ।
NRI ਔਰਤ ਨਾਲ ਲੁੱਟਖੋਹ ਕਰਨ ਵਾਲਾ ਕਾਬੂ ਡੀਐਸਪੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ 26 ਤੋਲੇ ਸੋਨਾ, 20 ਹਜ਼ਾਰ ਨਕਦ, 340 ਪੌਂਡ ਕੈਸ਼ ਅਤੇ ਹੋਰ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ। ਦੋਸ਼ੀ ਦਾ ਦੂਜਾ ਸਾਥੀ ਹਾਲੇ ਫ਼ਰਾਰ ਹੈ, ਜਿਸ ਕੋਲ ਨਕਦੀ ਅਤੇ ਸੋਨਾ ਹੈ।
ਡੀਐਸਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਤੋਂ ਬਾਅਦ ਹੀ ਪੁਲਿਸ ਦੀਆਂ ਸੱਤ ਟੀਮਾਂ ਮਾਮਲੇ ਨੂੰ ਸੁਲਝਾਉਣ ਲਈ ਜੁਟੀਆਂ ਹੋਈਆਂ ਸਨ। ਥਾਣਾ ਕੋਤਵਾਲੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
ਮੁਲਜ਼ਮ ਦੀ ਨਿਸ਼ਾਨਦੇਹੀ ਤੋਂ ਬਾਅਦ ਪਿੰਡ ਲੱਖਣ ਕਲਾਂ ਨੇੜੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਤਲਾਸ਼ੀ ਲੈਂਦੇ ਹੋਏ ਪੁਲਿਸ ਨੇ ਐਂਥਨੀ ਉਰਫ ਰਾਹੁਲ ਨਿਵਾਸੀ ਲੱਖਣ ਕਲਾਂ ਨੂੰ ਕਾਬੂ ਕਰ ਲਿਆ।
ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪ੍ਰਵਾਸੀ ਅੋਰਤ ਦਾ ਬੈਗ ਉਸ ਨੇ ਆਪਣੇ ਸਾਥੀ ਹਰਵਿੰਦਰ ਸਿੰਘ ਨਿਵਾਸੀ (ਰੱਤਾ ਕਦੀਮ ਫੱਤੂ ਢੀਂਗਾ) ਦੇ ਨਾਲ ਲੁੱਟਿਆ ਸੀ ਅਤੇ ਸ਼ਹਿਰੋਂ ਬਾਹਰ ਜਾ ਕੇ ਬੈਗ ਵਿੱਚਲੀ ਰਕਮ ਅਤੇ ਸੋਨਾ ਦੋਨਾ ਨੇ ਵੰਡ ਲਿਆ ਅਤੇ ਅੋਰਤ ਦਾ ਫੋਨ ਖੇਤਾਂ ਵਿੱਚ ਸੁੱਟ ਦਿੱਤਾ।