ਫਗਵਾੜਾ: ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਫਿਲੌਰ, ਗੁਰਾਇਆ, ਫਗਵਾੜਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਮੋਟਰਸਾਈਕਲ ਐਕਟਿਵਾ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਵਿੱਚ ਪੁਲਿਸ ਨੇ 2 ਮੋਟਰਸਾਈਕਲ ਚੋਰਾਂ ਸਮੇਤ 1 ਮੋਟਰਸਾਈਕਲ ਮਕੈਨਿਕ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਐਸ.ਐਚ.ਓ ਨੇ ਦਿੱਤੀ।
ਐਸਐਚਓ ਨੇ ਕਿਹਾ ਕਿ ਬੀਤੀ ਰਾਤ ਨੂੰ ਉਨ੍ਹਾਂ ਨੂੰ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਬਾ ਗਧੀਆ ਪੁਲੀ ਦੇ ਕੋਲ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ 3 ਮੌਕੇ ਉੱਤੇ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਨ੍ਹਾਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਕੋਈ ਛੋਟਾ ਗਿਰੋਹ ਨਹੀਂ ਹੈ ਇਹ ਬਹੁਤ ਵੱਡਾ ਗਿਰੋਹ ਹੈ ਜੋ ਕਿ ਵੱਖ-ਵੱਖ ਥਾਵਾਂ ਉੱਤੇ ਮੋਟਰਸਾਈਕਲਾਂ ਨੂੰ ਚੋਰੀ ਕਰਦਾ ਹੈ ਤੇ ਬਾਅਦ ਵਿੱਚ ਇਨ੍ਹਾਂ ਕਬਾੜ ਵਿੱਚ ਵੇਚ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਿਸ ਨੇ 3 ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚੋਂ ਇੱਕ ਮੋਟਰਸਾਈਕਲ ਮਕੈਨਿਕ ਵੀ ਸ਼ਾਮਲ ਹੈ। ਉਨ੍ਹਾਂ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਾਂਅ ਪਰਮਜੀਤ ਯਾਦਵ (ਕੰਮਾਂ), ਰਣਜੀਤ ਸਿੰਘ ਉਰਫ਼ ਨੇਪਾਲੀ ਅਤੇ ਪਰਮਜੀਤ ਸਿੰਘ ਸੋਨੂੰ ਹੈ।