ਕਪੂਰਥਲਾ:ਸੁਲਤਾਨਪੁਰ ਲੋਧੀ ਥਾਣਾ ਅਧੀਨ ਪੈਂਦੇ ਪਿੰਡ ਮੋਠਾਂਵਾਲ ਨੇੜੇ ਮੋਟਰ 'ਤੇ ਕੁਝ ਨੌਜਵਾਨਾਂ ਨਾਲ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਹਾਲਾਂਕਿ, ਪਰਿਵਾਰ ਨੇ ਓਵਰਡੋਜ਼ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਦਿਨ ਪਹਿਲਾਂ ਉਸ ਦਾ ਦੋਸਤ ਉਕਤ ਨੌਜਵਾਨ ਨੂੰ ਆਪਣੇ ਮੋਟਰਸਾਈਕਲ 'ਤੇ ਆਪਣੇ ਨਾਲ ਲੈ ਗਿਆ ਸੀ। ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ। ਰਿਸ਼ਤੇਦਾਰਾਂ ਨੇ ਉਸ ਦੀ ਕਾਫੀ ਭਾਲ ਕੀਤੀ। ਪਰ, ਕੋਈ ਸੁਰਾਗ ਨਹੀਂ ਮਿਲਿਆ।
ਬੇਸੁੱਧ ਮਿਲਿਆ ਨੌਜਵਾਨ:ਪਰਿਵਾਰ ਨੇ ਦੱਸਿਆ ਕਿ ਅਗਲੇ ਦਿਨ ਨੌਜਵਾਨ ਦੋਸਤਾਂ ਦੀ ਮੋਟਰ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਤੇ ਉਸ ਦਾ ਮੋਟਰਸਾਈਕਲ ਵੀ ਉੱਥੇ ਹੀ ਸੀ। ਉਸ ਦੇ ਕੋਲ ਇੱਕ ਸਰਿੰਜ ਵੀ ਪਈ ਸੀ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਕਪੂਰਥਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ। ਜਿੱਥੇ ਡਿਊਟੀ ਉੱਤੇ ਮੌਜੂਦ ਡਾਕਟਰ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਦੋ ਭਰਾਵਾਂ ਸਮੇਤ 3 ਵਿਅਕਤੀਆਂ ਖ਼ਿਲਾਫ਼ ਧਾਰਾ 304 ਅਤੇ 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਦੇ ਇਲਜ਼ਾਮ:ਸਾਬਕਾ ਸਰਪੰਚ ਅਤੇ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਵਾਸੀ ਪਿੰਡ ਕਢਾਲ ਕਲਾਂ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਬੀਤੀ 21 ਜੁਲਾਈ ਨੂੰ ਸ਼ਾਮ 7.30 ਵਜੇ ਦੇ ਕਰੀਬ ਪਿੰਡ ਕਢਾਲ ਕਲਾਂ ਦਾ ਰਹਿਣ ਵਾਲਾ ਸਰਵਣ ਸਿੰਘ ਉਸ ਦੇ ਲੜਕੇ ਜਗਜੀਤ ਸਿੰਘ ਨੂੰ ਘਰੋਂ ਬੁਲਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ। ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਪੁੱਤਰ ਦੀ ਭਾਲ ਕੀਤੀ। ਪਰ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਜਦੋਂ ਉਹ ਸਵੇਰੇ ਪਿੰਡ ਮੋਠਾਂਵਾਲ ਵੱਲ ਜਾ ਰਹੇ ਸੀ, ਤਾਂ ਇੰਦਰਜੀਤ ਸਿੰਘ ਉਰਫ ਭਿੰਦਾ ਅਤੇ ਉਸ ਦਾ ਭਰਾ ਨਿਰਮਲਜੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਨਾਨੋ ਮੱਲੀਆਂ ਆਪਣੀ ਮੋਟਰ ਵਾਲੀ ਸਾਈਡ ਤੋਂ ਪੈਦਲ ਆ ਰਹੇ ਸਨ, ਜੋ ਕਿ ਬਹੁਤ ਘਬਰਾਏ ਹੋਏ ਸੀ।