ਨਵੀਂ ਦਿੱਲੀ: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿਖੇ ਕੇਂਦਰੀ ਸਰਕਾਰ ਵੱਲੋਂ ਇੱਕ ਮੈਗਾ ਫ਼ੂਡ ਪਾਰਕ ਦੀ ਸ਼ੁਰੂਆਤ ਕੀਤੀ ਗਈ ਹੈ। ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਪਾਰਕ ਦਾ ਵੀਡੀਓ ਕਾਨਫ਼ਰੰਸ ਰਾਹੀਂ ਸ਼੍ਰੀਗਣੇਸ਼ ਕੀਤਾ।
ਇਸ ਮੌਕੇ ਤੋਮਰ ਨੇ ਕਿਹਾ ਕਿ ਖੇਤੀ-ਕਿਸਾਨੀ ਦੇ ਖੇਤਰ ਵਿੱਚ ਪੰਜਾਬ-ਹਰਿਆਣਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਾਨੂੰ ਮਾਣ ਹੈ ਕਿ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਦੀ ਮਿਹਨਤ ਸਦਕਾ ਭਾਰਤ ਅੱਜ ਅਨਾਜ ਦੇ ਖੇਤਰ ਵਿੱਚ ਆਤਮ-ਨਿਰਭਰ ਹੀ ਨਹੀਂ, ਬਲਕਿ ਸਰਪਲੱਸ ਹੈ।
ਪੰਜਾਬ ਕਣਕ ਅਤੇ ਝੋਨੇ ਵਿੱਚ ਮੋਹਰੀ ਰਿਹਾ ਹੈ, ਪਰ ਹੁਣ ਭੂਮੀ ਹੇਠਲੇ ਪਾਣੀ ਦੇ ਪੱਧਰ ਵਿੱਚ ਕਮੀ ਹੋਣ ਕਾਰਨ ਫ਼ਸਲੀ ਵਿਭਿੰਨਤਾ ਦੀ ਜ਼ਰੂਰਤ ਹੈ, ਜਿਸ ਦੇ ਲਈ ਪੰਜਾਬ ਦੇ ਕਿਸਾਨਾਂ ਨੇ ਸਫ਼ਲਤਾਪੂਰਵਕ ਕਦਮ ਅੱਗੇ ਵਧਾਏ ਹਨ। ਉਨ੍ਹਾਂ ਨੇ ਕਿਹਾ ਕਿ ਫ਼ੂਡ ਪ੍ਰੋਸੈਸਿੰਗ ਉੱਤੇ ਵੀ ਪੂਰਾ ਧਿਆਨ ਦੇਣਾ ਜ਼ਰੂਰੀ ਹੈ, ਜਿਸ ਨਾਲ ਕਿਸਾਨਾਂ ਨੂੰ ਉੱਚਿਤ ਮੁੱਲ ਮਿਲੇਗਾ, ਉੱਥੇ ਹੀ ਬਾਕੀ ਖੇਤਰਾਂ ਨੂੰ ਵੀ ਫ਼ਾਇਦਾ ਮਿਲੇਗਾ।
ਤੋਮਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ। ਖੇਤੀ ਜਿਣਸਾਂ ਦੀ ਐੱਮ.ਐੱਸ.ਪੀ ਨੂੰ ਵਧਾਇਆ ਗਿਆ ਹੈ। 10 ਹਜ਼ਾਰ ਨਵੇਂ ਐੱਫ਼ਪੀਓ ਬਣਾਉਣ ਦੀ ਸਕੀਮ ਸਰਕਾਰ ਨੇ ਲਿਆਂਦੀ, ਕਿਸਾਨਾਂ ਨੂੰ ਵਿਆਜ ਸਬਸਿਡੀ ਦਿੱਤੀ ਜਾ ਰਹੀ ਹੈ, 86 ਫ਼ੀਸਦ ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਉੱਤੇ ਪੂਰਾ ਧਿਆ ਦਿੱਤਾ ਜਾ ਰਿਹਾ ਹੈ।
ਫ਼ੂਡ ਪ੍ਰੋਸੈਸਿੰਗ ਦੇ ਵਿਕਾਸ ਲਈ 10 ਹਜ਼ਾਰ ਕਰੋੜ ਰੁਪਏ ਦਾ ਫ਼ੰਡ ਰੱਖਿਆ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵਾਜ਼ਿਬ ਲਾਭ ਮਿਲੇਗਾ, ਉਥੇ ਹੀ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਹੁਣ ਤੱਕ 37 ਮੈਗਾ ਫ਼ੂਡ ਪਾਰਕਾਂ ਨੂੰ ਕੇਂਦਰ ਸਰਕਾਰ ਵੱਲੋਂ ਮੰਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 20 ਪਹਿਲਾਂ ਤੋਂ ਹੀ ਸ਼ੁਰੂ ਹੋ ਗਏ ਹਨ।
ਉੱਥੇ ਹੀ ਇਸ ਮੌਕੇ ਹਾਜ਼ਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਉਤਪਾਦਨ ਦੇ ਨਾਲ ਹੀ ਹੁਣ ਕਿਸਾਨ ਕਲਿਆਣ ਤੇ ਉਦਯੋਗਿਕ ਵਿਕਾਸ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।