ਫਗਵਾੜਾ: ਅਗਾਮੀ ਵਿਧਾਨਸਭਾ ਚੋਣਾਂ (Upcoming Assembly elections) ਨੂੰ ਲੈਕੇ ਪੰਜਾਬ ਕਾਂਗਰਸ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇੰਨਾਂ ਰੈਲੀਆਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਸ਼ਿਰਕਤ ਕਰਦਿਆਂ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਫਗਵਾੜਾ 'ਚ ਵੀ ਕਾਂਗਰਸ ਦੀ ਵੱਡੀ ਰੈਲੀ ਸੀ, ਜਿਸ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਾਲ 2022 ਦੀ ਪੰਜਾਬ ਕਾਂਗਰਸ ਦੀ ਪਹਿਲੀ ਰੈਲੀ ਉਸ ਪਰਦੇ ਨੂੰ ਹਟਾਉਂਦੀ ਹੈ ਜਿਸ ਦੇ ਪਿੱਛੇ ਐਨਡੀਏ ਸਰਕਾਰ ਆਪਣੇ ਨਾਗਰਿਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ।
ਸਿੱਧੂ ਨੇ ਲੋਕਾਂ ਨੂੰ ਬਦਲਦੇ ਪੰਜਾਬ ਤੋਂ ਜਾਣੂ ਕਰਵਾਇਆ ਜੋ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦਾ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕਾਂ ਦੀ ਮੌਜੂਦਗੀ (Presence of women supporters) ਵੀ ਦੇਖੀ ਗਈ ਆਮ ਤੌਰ ‘ਤੇ ਸਿਆਸੀ ਰੈਲੀਆਂ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ, ਇਹ ਪੰਜਾਬੀ ਸਮਾਜ ਵਿੱਚ ਔਰਤਾਂ ਦੀ ਬਦਲਦੀ ਅਤੇ ਸਸ਼ਕਤ ਭੂਮਿਕਾ ਦਾ ਪ੍ਰਣਾਮ ਹੈ।
ਨਵਜੋਤ ਸਿੱਧੂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਐਨ.ਡੀ.ਏ. ਸਰਕਾਰ ਦੁਆਰਾ ਬੁਨਿਆਦੀ ਵਸਤੂਆਂ ਦੀ ਕੀਤੀ ਗਈ ਮਹਿੰਗਾਈ ਬੇਬੁਨਿਆਦ ਤੇ ਅਨੁਚਿਤ ਹੈ। ਇਸਨੇ ਆਮ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। 2014 ਵਿੱਚ ਡੀਜ਼ਲ ਦੀ ਕੀਮਤ 50 ਰੁਪਏ ਸੀ ਅਤੇ 2022 ਵਿੱਚ ਇਹ ਵਧ ਕੇ 95 ਰੁਪਏ ਤੱਕ ਪਹੁੰਚ ਗਈ, ਜਦੋਂ ਕਿ 2014 ਵਿੱਚ ਪੈਟਰੋਲ ਦੀ ਕੀਮਤ 66 ਰੁਪਏ ਸੀ ਜੋ 2022 ਵਿੱਚ 110 ਰੁਪਏ ਤੱਕ ਪਹੁੰਚ ਗਈ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਤੇਲ ਕੀਮਤਾਂ ਦੇ ਬੇਤਹਾਸ਼ਾ ਵਾਧੇ (Rising oil prices) ਨੂੰ ਜਾਇਜ਼ ਠਹਿਰਾਉਣ ਵਿੱਚ ਅਸਫ਼ਲ ਰਹੀ ਹੈ ਕਿਉਂਕਿ ਤੇਲ ਖ੍ਰੀਦਿਆ ਬਹੁਤ ਘੱਟ ਦਰਾਂ ’ਤੇ ਜਾ ਰਿਹਾ ਹੈ। ਯੂ.ਪੀ.ਏ. ਸਰਕਾਰ ਸੀ ਕਿ ਸਸਤਾ ਤੇਲ ਮੁਹੱਈਆ ਕਰਵਾਉਂਦੀ ਸੀ ਜਦਕਿ ਐਨ.ਡੀ.ਏ. ਸਰਕਾਰ ਸਮਾਜ ਦੀਆਂ ਬੁਨਿਆਦੀ ਲੋੜਾਂ ਉੱਤੇ ਬੇਲੋੜੇ ਟੈਕਸ ਵਸੂਲ ਰਹੀ ਹੈ, ਇਸ ਦੀ ਕੋਈ ਵਿਆਖਿਆ ਨਹੀਂ ਹੈ।
ਇਸੇ ਤਰ੍ਹਾਂ ਖਾਣ ਵਾਲੇ ਤੇਲ ਜਿਵੇਂ ਕਿ ਮੂੰਗਫਲੀ ਦਾ ਤੇਲ, ਵਨਸਪਤੀ ਤੇਲ, ਸੋਇਆ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ 10 ਸਾਲਾਂ ਵਿੱਚ 300 ਗੁਣਾ ਵਾਧਾ ਹੋਇਆ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਭ ਉਨ੍ਹਾਂ ਵਲੋਂ ਉਲੀਕੇ ਗਏ ‘ਪੰਜਾਬ ਮਾਡਲ’ ਨੂੰ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਖੇਤੀ ਉਪਜਾਂ ਲਈ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਇਆ ਜਾਵੇ ਜਿਵੇਂ ਕਿ ‘ਪੰਜਾਬ ਮਾਡਲ’ ਵਿਚ ਇਸ ਨੂੰ ਦਿਖਾਇਆ ਗਿਆ ਹੈ।
ਨਵਜੋਤ ਸਿੱਧੂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ‘ਪੰਜਾਬ ਮਾਡਲ’ ਨੂੰ ਹਰ ਪੱਖੋਂ ਅਧਿਐਨ ਕਰਕੇ ਹੀ ਤਿਆਰ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਨੇ ਇਸ ਤੱਥ ਨੂੰ ਵੀ ਧਿਆਨ 'ਚ ਰੱਖਿਆ ਹੈ ਕਿ ਪੰਜਾਬ ਦੀ ਵੱਡੀ ਆਬਾਦੀ ਐਨ.ਆਰ.ਆਈ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਨਾਗਰਿਕਾਂ ਵੱਜੋਂ ਹੀ ਗਿਣਿਆ ਜਾਵੇ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਵੇ। ਉਨ੍ਹਾਂ ਤਜਵੀਜ਼ ਦਿੱਤੀ ਕਿ ਪਰਵਾਸੀ ਪੰਜਾਬੀਆਂ ਲਈ ਇੱਕ ਸਿੰਗਲ ਵਿੰਡੋ ਕਲੀਅਰੈਂਸ ਪੋਰਟਲ ਬਣਾਇਆ ਜਾਵੇਗਾ ਜਿਸ ਵਿੱਚ ਦੇਰੀ, ਪਰੇਸ਼ਾਨੀ ਅਤੇ ਬੇਲੋੜੀ ਖੱਜਲ-ਖੁਆਰੀ ਨੂੰ ਖਤਮ ਕਰਕੇ, ਜਾਇਦਾਦ ਅਤੇ ਜ਼ਮੀਨ ਨਾਲ ਸਬੰਧਤ ਉਨ੍ਹਾਂ ਦੇ ਕੰਮ ਆਰਾਮਦਾਰੀ ਨਾਲ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ‘ਪੰਜਾਬ ਮਾਡਲ’ ਕਾਰੋਬਾਰ ਸਥਾਪਤ ਕਰਨ ਨੂੰ ਪ੍ਰੇਰਿਤ ਕਰਨ ਲਈ ਸੌਖੀ ਪ੍ਰਣਾਲੀ ਮੁਹੱਈਆ ਕਰਵਾਏਗਾ।