ਕਪੂਰਥਲਾ: ਬੇਮੌਸਮੀ ਬਾਰਿਸ਼ ਦੇ ਕਹਿਰ ਦੇ ਝੰਬੇ ਹੋਏ ਕਿਸਾਨ ਕਈ ਦਿਨਾਂ ਤੋਂ ਮਾਯੂਸ ਦਿਖਾਈ ਦੇ ਰਹੇ ਹਨ। ਜ਼ਿਲ੍ਹਾ ਕਪੂਰਥਲਾ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਖ਼ਰਬੂਜੇ ਅਤੇ ਹਦਵਾਣੇ ਦੀ ਫਸਲ ਮੌਸਮ ਦੀ ਮਾਰ ਹੇਠ ਆਉਣ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ। ਜਿਸ ਕਰਕੇ ਕਿਸਾਨਾਂ ਦੇ ਚਿਹਰੇ ਉੱਤੇ ਨਿਰਾਸ਼ਾ ਪਾਈ ਜਾ ਰਹੀ ਹੈ।
ਬੇਮੌਸਮੀ ਬਰਸਾਤ ਕਾਰਨ ਫਸਲਾਂ ਪ੍ਰਭਾਵਿਤ:ਦੱਸ ਦਈਏ ਕਿ ਇਸ ਇਲਾਕੇ ਵਿਚ ਵੱਡੀ ਪੱਧਰ ’ਤੇ ਖਰਬੂਜਾ ਤੇ ਹਦਵਾਣੇ ਦੀ ਖੇਤੀ ਹੁੰਦੀ ਹੈ। ਇਸ ਕਰਕੇ ਹੀ ਇੱਥੋਂ ਦੀ ਮੰਡੀ ਰੂਪੇਵਾਲ ਨੂੰ ਖਰਬੂਜੇ ਅਤੇ ਹਦਵਾਣੇ ਦੀ ਏਸ਼ੀਆ ਦੀ ਮੰਡੀ ਵਜੋਂ ਜਾਣਿਆ ਜਾਂਦਾ ਹੈ। ਬੇਮੌਸਮੀ ਬਰਸਾਤ ਨੇ ਉਨ੍ਹਾਂ ਦੀ ਸਾਰੀ ਫਸਲ ਨੂੰ ਢਹਿ ਢੇਰੀ ਕਰ ਦਿੱਤਾ ਹੈ। ਗੜਿਆਂ ਦੀ ਮਾਰ ਇੰਨੀ ਭਿਆਨਕ ਸੀ ਕਿ ਅੱਧੇ ਪੱਕੇ ਖਰਬੂਜਿਆਂ ਤੇ ਹਦਵਾਣਿਆਂ ਵਿੱਚ ਵੱਡੀਆਂ-ਵੱਡੀਆਂ ਮੋਰੀਆਂ ਹੋ ਗਈਆਂ ਤੇ ਕੁੱਝ ਹਦਵਾਣੇ ਪਾਟੇ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਈ ਏਕੜ ਖਰਬੂਜੇ ਤੇ ਹਦਵਾਣੇ ਦੀ ਫਸਲ ਵਿਚੇ ਅੱਧੀ ਫਸਲ ਬੇਮੌਸਮੀ ਬਰਸਾਤ ਦੀ ਲਪੇਟ ਵਿਚ ਆ ਗਈ ਹੈ।