ਮਨੀਲਾ ਤੋਂ ਜੇਲ੍ਹ ਕੱਟ ਆਏ ਵਿਅਕਤੀ ਦੀ ਦਰਦ ਭਰੀ ਕਹਾਣੀ ਕਪੂਰਥਲਾ:ਜ਼ੁਰਮ ਕੀਤੇ ਬਿਨ੍ਹਾਂ 5 ਸਾਲ ਮਨੀਲਾ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਵਿਅਕਤੀ ਬਲਦੇਵ ਸਿੰਘ ਵਾਪਿਸ ਆਪਣੇ ਮੁਲਕ ਪਰਤਿਆ ਹੈ। ਪੀੜਤ ਬਲਦੇਵ ਸਿੰਘ ਨੂੰ ਵਾਪਿਸ ਲਿਆਉਣ ਵਿੱਚ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਉਹਨਾਂ ਦੀ ਮਦਦ ਕੀਤੀ ਹੈ। ਘਰ ਵਾਪਸੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰ ਵੱਲੋਂ ਸਾਂਸਦ ਸੀਚੇਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਦਰਅਸਲ ਬਲਦੇਵ ਸਿੰਘ 2018 'ਚ ਮਨੀਲਾ ਘੁੰਮਣ ਗਿਆ ਸੀ, ਜਿਸ ਦਾ 15 ਦਿਨ ਦਾ ਵੀਜ਼ਾ ਲੱਗਾ ਸੀ। ਘੁੰਮਣ-ਫਿਰਨ ਤੋਂ ਬਾਅਦ ਜਦੋਂ ਬਲਦੇਵ ਸਿੰਘ ਵਾਪਸ ਭਾਰਤ ਆਉਣ ਲੱਗਾ ਤਾਂ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਬਲਦੇਵ ਸਿੰਘ ਨੂੰ ਇਹ ਕਹਿ ਕੇ ਰੋਕਿਆ ਕਿ ਉਸ ਕੋਲ ਕਲੀਅਰੈਂਸ ਨਹੀਂ ਹੈ। ਜਦੋਂ ਬਲਦੇਵ ਸਿੰਘ ਨੇ ਇਸ ਦੀ ਵਜ੍ਹਾ ਜਾਣਨੀ ਚਾਹੀ ਤਾਂ ਭਾਸ਼ਾ ਦਾ ਗਿਆਨ ਨਾ ਹੋਣ ਕਰਕੇ ਅਜਿਹੀ ਗਲਤਫਹਿਮੀ ਹੋਈ ਕਿ ਉਸ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਵੀ ਮਨੀਲਾ ਵਿੱਚ ਸਜ਼ਾ ਭੁਗਤਣੀ ਪਈ। ਇਸ ਦਾ ਅਸਰ ਬਲਦੇਵ ਸਿੰਘ ਦੀ ਮਾਨਸਿਕ ਸਿਹਤ ਉੱਤੇ ਹੋਇਆ ਹੈ। (5 years sentence for traveling to Manila)
ਭਾਸ਼ਾ ਤੋਂ ਅਗਿਆਨਤਾ ਨੇ ਕਰਵਾਈ ਜੇਲ੍ਹ: ਬਲਦੇਵ ਸਿੰਘ ਦੀ ਧੀ ਨੇ ਦੱਸਿਆ ਕਿ ਮਨੀਲਾ ਦੇ ਅਧਿਕਾਰੀਆਂ ਨੇ ਜਦੋਂ ਪਿਤਾ ਤੋਂ ਉਹਨਾਂ ਦਾ ਨਾਂ ਪੁੱਛਿਆ ਤਾਂ ਨਾਲ ਹੀ ਕਿਹਾ ਕਿ ਤੁਸੀਂ ਉਹੀ ਬਲਦੇਵ ਸਿੰਘ ਹੋ, ਜਿਸ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਬਲਦੇਵ ਸਿੰਘ ਨੂੰ ਅਧਿਕਾਰੀਆਂ ਨੇ ਭਾਸ਼ਾਂ ਸਮਝ ਨਹੀਂ ਆਈ ਤੇ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਸਿਰਫ਼ ਇਸੇ ਗਲਤਫਹਿਮੀ ਕਾਰਨ ਮਨੀਲਾ ਕੋਰਟ ਨੇ ਬਲਦੇਵ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਤੇ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ।
ਸੰਤ ਬਲਬੀਰ ਸਿੰਘ ਦੀ ਮਦਦ ਨਾਲ ਮਿਲਿਆ ਇਨਸਾਫ: ਬਲਦੇਵ ਸਿੰਘ ਨੂੰ ਇਨਸਾਫ ਦਵਾਉਣ ਲਈ ਪੀੜਤ ਪਰਿਵਾਰ ਨੇ ਇਸ ਸਬੰਧੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਅੱਗੇ ਮਦਦ ਦੀ ਗੁਹਾਰ ਲਗਾਈ। ਜਦੋਂ ਸਾਰਾ ਮਾਮਲਾ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਮਨੀਲਾ ਦੀ ਸਰਕਾਰ ਨਾਲ ਸੰਪਰਕ ਸਾਧੀਆਂ ਤੇ ਸਾਰੀ ਕਹਾਣੀ ਬਾਰੇ ਉਹਨਾਂ ਨੂੰ ਦੱਸਿਆ, ਜਿਸ ਤੋਂ ਬਾਅਦ ਮਨੀਲਾ ਸਰਕਾਰ ਨੇ ਇਸ ਦੀ ਜਾਂਚ ਕਰਵਾਈ ਤੇ ਪਾਇਆ ਗਿਆ ਕਿ ਬਲਦੇਵ ਸਿੰਘ ਬੇਕਸੂਰ ਹੈ ਤੇ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਇਹ ਸਜ਼ਾ ਭੁਗਤ ਰਿਹਾ ਹੈ। ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਬਲਦੇਵ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਜੋ ਕਿ ਹੁਣ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਹੈ।