ਕਪੂਰਥਲਾ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਿਸ ਵਿੱਚ ਕੋਮਲਪ੍ਰੀਤ ਕੌਰ ਧੀ ਜਰਨੈਲ ਸਿੰਘ ਨਿਵਾਸੀ ਪਿੰਡ ਲੇਈ ਵਾਲਾ ਝੱਲ ਨੇ ਦਸਵੀਂ ਕਲਾਸ ਵਿੱਚੋ 97.87 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਕਪੂਰਥਲਾ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਨੂੰ ਲੈਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਅਤੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਕੋਮਲਪ੍ਰੀਤ ਦੇ ਮਾਤਾ-ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕੋਮਲਪ੍ਰੀਤ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ।
ਵਿਦਿਆਰਥਣ ਕੋਮਲਪ੍ਰੀਤ ਨੇ ਨਤੀਜਿਆ ਦੌਰਾਨ ਮੈਰਿਟ ਲਿਸਟ 'ਚ ਬਣਾਈ ਥਾਂ, ਮੈਰਿਟ ਲਿਸਟ 'ਚ 12 ਵਾਂ ਸਥਾਨ ਕੀਤਾ ਪ੍ਰਾਪਤ - ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ
ਕਪੂਰਥਲਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 10ਵੀਂ ਜਮਾਤ ਵਿੱਚ 97.87 ਫੀਸਸ ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਲਿਸਟ ਵਿੱਚ ਥਾਂ ਬਣਾਉਂਦਿਆ 12ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਕੋਮਲਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਮਿਹਨਤ ਰੰਗ ਲਿਆਈ: ਉਨ੍ਹਾਂ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਸਕੂਲ ਦੀ ਵਿਦਿਆਰਥਣ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਤਾਂ ਕਿ ਉਹ ਵੀ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ। ਇਸ ਮੌਕੇ ਗੱਲਬਾਤ ਕਰਦੇ ਹੋਏ ਕੋਮਲਪ੍ਰੀਤ ਨੇ ਆਪਣੀ ਸਫਲਤਾ ਦੇ ਮਗਰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਰੋਲ ਮਾਡਲ ਕਿਹਾ ਹੈ । ਉਹਨਾਂ ਕਿਹਾ ਕਿ ਉਹ ਵੱਡੇ ਹੋਕੇ ਬੈਕਿੰਗ ਲਾਈਨ ਵਿੱਚ ਨੌਕਰੀ ਕਰਨਾ ਚਾਹੁੰਦੀ ਹੈ। ਕੋਮਲਪ੍ਰੀਤ ਦੇ ਮਾਤਾ-ਪਿਤਾ ਨੇ ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਉਨ੍ਹਾਂ ਦੀ ਬੱਚੀ ਵੱਲੋਂ ਕੀਤੀ ਗਈ ਮਿਹਨਤ ਰੰਗ ਲਿਆਈ ਹੈ।
ਕੁੜੀਆਂ ਨੇ ਮਾਰੀ ਬਾਜ਼ੀ:ਦਸ ਦਈਏ ਬੀਤੇ ਦਿਨੀ ਪੰਜਾਬ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ ਸੀ ਅਤੇ ਇਸ ਵਿੱਚ ਇੱਕ ਵਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ ਸੀ ਅਤੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਪਰ ਧੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਦਸਵੀਂ ਜਮਾਤ ਦੇ ਨਤੀਜੇ ਵਿੱਚ ਲੜਕੀਆਂ ਨੇ ਇਕ ਵਾਰ ਫਿਰ ਲੜਕਿਆਂ ਨੂੰ ਪਛਾੜ ਦਿੱਤਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਜਲਦੀ ਹੀ 51,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਕੋਨੇ-ਕੋਨੇ ਵਿੱਚ ਮਿਆਰੀ ਸਿੱਖਿਆ ਦਾ ਚਾਨਣ ਫੈਲਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਦਾ ਨਤੀਜਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਦਾ ਜਿੱਥੇ ਲੜਕੀਆਂ ਨੂੰ ਬਹੁਤ ਲਾਭ ਹੋਇਆ ਹੈ, ਉੱਥੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਉਨ੍ਹਾਂ ਨੂੰ ਵੱਧ ਅਖ਼ਤਿਆਰ ਦੇਣ ਦਾ ਰਾਹ ਪੱਧਰਾ ਹੋ ਰਿਹਾ ਹੈ।