ਕਪੂਰਥਲਾ: ਸੂਬੇ ਭਰ 'ਚ ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਸੂਬੇ ਦੀਆਂ ਜਿੱਥੇ ਸਾਰੀਆਂ ਫੈਕਟਰੀਆਂ ਅਤੇ ਉਦਯੋਗ ਧੰਦੇ ਬੰਦ ਹਨ ਉੱਥੇ ਹੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਨੇ ਗ੍ਰੀਨ ਜ਼ੋਨ 'ਚ ਆਉਣ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇਸ਼ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਹੈ ਅਤੇ ਦੇਸ਼ ਦੀ ਆਰਥਿਕਤਾ ਵਿੱਚ ਇਸ ਦਾ ਵੱਡਾ ਯੋਗਦਾਨ ਹੈ।
ਜਾਣਕਾਰੀ ਦਿੰਦਿਆਂ ਫੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਦਿਆਂ 50 ਫੀਸਦ ਵਰਕਰਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਫੈਕਟਰੀ ਵੱਲੋਂ ਵਰਕਰਾਂ ਨੂੰ ਕਈ ਸਹੂਲਤਾਵਾਂ ਵੀ ਮੁੱਹਈਆਂ ਕਰਵਾਈਆਂ ਗਈਆਂ ਹਨ ਅਤੇ ਵਰਕਰਾਂ ਨੂੰ ਕੋਰੋਨਾ ਤੋਂ ਬਚਣ ਦੇ ਸੁਝਾਵਾਂ ਦੀ ਪਾਲਣਾ ਕਰਨ ਦੀ ਵੀ ਗੱਲ ਆਖੀ ਗਈ ਹੈ। ਵਰਕਰਾਂ ਨੂੰ ਫੈਕਟਰੀ ਅੰਦਰ ਬਣੇ ਮਾਸਕ ਅਤੇ ਸਟੀਲ ਕੈਪ ਲਾਊਣੀ ਲਾਜ਼ਮੀ ਹੈ ਅਤੇ ਫੈਕਟਰੀ ਨੂੰ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਵਰਕਸ਼ਾਪ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ।