ਖੰਨਾ (ਲੁਧਿਆਣਾ) :ਖੰਨਾ ਦੇ ਦੋਰਾਹਾ 'ਚ ਖਸਤਾ ਹਾਲਤ ਮਕਾਨ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਦੀ ਮੌਤ ਹੋ ਗਈ। ਜਦਕਿ, ਮਾਂ ਸਮੇਤ ਉਸਦੇ ਦੋ ਪੁੱਤਰ ਗੰਭੀਰ ਜਖ਼ਮੀ ਹੋਏ। ਜਾਣਕਾਰੀ ਦੇ ਅਨੁਸਾਰ ਪ੍ਰਵਾਸੀ ਮਜ਼ਦੂਰ ਨਰੇਸ਼ ਕੁਮਾਰ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸਤੋਂ ਬਾਅਦ ਉਹ ਆਪਣੀ ਭਰਜਾਈ ਜਪਜੀ ਦੇ ਨਾਲ ਰਹਿੰਦਾ ਸੀ। ਪਰਿਵਾਰ 'ਚ ਨਰੇਸ਼ ਤੇ ਜਪਜੀ ਤੋਂ ਇਲਾਵਾ ਤਿੰਨ ਬੱਚੇ ਸਨ। ਇਹ ਪਰਿਵਾਰ ਦੋਰਾਹਾ ਵਿਖੇ ਕੁਆਟਰਾਂ 'ਚ ਰਹਿੰਦਾ ਸੀ।
ਪੰਜ ਜੀਆਂ ਨੂੰ ਮਲਬੇ ਵਿੱਚੋਂ ਕੱਢਿਆ :ਜਾਣਕਾਰੀ ਮੁਤਾਬਿਕ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ। ਜਦੋਂ ਚੀਕਚਿਹਾੜਾ ਮੱਚਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਹਨਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ। 33 ਸਾਲਾਂ ਦੀ ਜਪਜੀ, ਉਸਦੇ 5 ਸਾਲਾਂ ਦੇ ਪੁੱਤਰ ਗੋਲੂ ਅਤੇ 10 ਸਾਲਾਂ ਦੇ ਪੁੱਤਰ ਵਿੱਕੀ ਨੂੰ ਜਖਮੀ ਹਾਲਤ ਚ ਖੰਨਾ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਜਪਜੀ ਤੇ ਉਸਦੇ 5 ਸਾਲਾਂ ਦੀ ਪੁੱਤ ਦੀ ਹਾਲਤ ਨਾਜੁਕ ਹੋਣ ਕਰਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ।