ਮ੍ਰਿਤਕਾ ਦਾ ਰਿਸ਼ਤੇਦਾਰ ਜਾਣਕਾਰੀ ਦਿੰਦਾ ਹੋਇਆ ਕਪੂਰਥਲਾ:ਸ਼ਹਿਰ ਕਪੂਰਥਲਾ ਦੇ ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ’ਤੇ ਪੁੱਜ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਟਲੀ ਤੋਂ ਆਏ ਸੁਖਦੇਵ ਸਿੰਘ ਮੱਖਣ ਪੁੱਤਰ ਸੀਤਾ ਸਿੰਘ ਨੇ ਤੜਕਸਾਰ ਵਿਦੇਸ਼ ਤੋਂ ਪਰਤਦਿਆਂ ਹੀ ਆਪਣੀ ਪਤਨੀ ਹਰਪ੍ਰੀਤ ਕੌਰ ਉਮਰ 42 ਸਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਸੁਖਦੇਵ ਸਿੰਘ ਖੁਦ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। (Husband Murdered his Wife)
ਦੋਵਾਂ ਦਾ 17 ਸਾਲ ਪਹਿਲਾਂ ਹੋਇਆ ਸੀ ਦੂਜਾ ਵਿਆਹ:ਕਾਬਿਲੇਗੌਰ ਹੈ ਕਿ ਕਥਿਤ ਮੁਲਜ਼ਮ ਸੁਖਦੇਵ ਸਿੰਘ ਅਤੇ ਮ੍ਰਿਤਕਾ ਹਰਪ੍ਰੀਤ ਕੌਰ ਦੋਵਾਂ ਦਾ ਹੀ ਦੂਜਾ ਵਿਆਹ ਸੀ ਅਤੇ ਇਸ ਵਿਆਹ ਤੋਂ ਇਨ੍ਹਾਂ ਦੇ ਕੋਈ ਔਲਾਦ ਨਹੀਂ ਸੀ, ਜਦ ਕਿ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਸੀ। ਇਸ ਸਬੰਧੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਕਰੀਬ 3 ਵਜੇ ਵਿਦੇਸ਼ ਤੋਂ ਸਿੱਧਾ ਆਪਣੇ ਪੁੱਤਰ, ਜੋ ਕਿ ਵੱਖਰਾ ਰਹਿੰਦਾ ਸੀ, ਉਸ ਦੀ ਰਿਹਾਇਸ਼ ’ਤੇ ਆਇਆ ਅਤੇ ਸਵੇਰੇ ਕਰੀਬ 5:30 ਵਜੇ ਹਰਪ੍ਰੀਤ ਕੌਰ ਨੂੰ ਮਿਲਣ ਦਾ ਕਹਿ ਕਿ ਉਸ ਦੀ ਰਿਹਾਇਸ਼ ’ਤੇ ਆਉਂਦਿਆਂ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਮ੍ਰਿਤਕਾ ਦੇ ਭਰਾ ਨੇ ਦਿੱਤੀ ਜਾਣਕਾਰੀ: ਉਧਰ ਇਸ ਸਬੰਧੀ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਕਤਲ ਉਸ ਦੇ ਜੀਜੇ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਤੜਕਸਾਰ ਵਿਦੇਸ਼ ਤੋਂ ਘਰ ਆਇਆ ਤੇ ਉਸ ਦੀ ਭੈਣ ਸੈਰ ਲਈ ਜਾ ਰਹੀ ਸੀ ਤਾਂ ਜੀਜਾ ਉਸ ਨੂੰ ਘਰ ਦੇ ਅੰਦਰ ਲੈ ਗਿਆ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਕਰੀਬ 17 ਸਾਲ ਦੋਵਾਂ ਦੇ ਵਿਆਹ ਨੂੰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋਵਾਂ 'ਚ ਮਾਮੂਲੀ ਲਵਾਈ ਝਗੜਾ ਜ਼ਰੂਰ ਹੁੰਦਾ ਸੀ ਪਰ ਕਦੇ ਅਜਿਹਾ ਕਲੇਸ ਨਹੀਂ ਹੋਇਆ ਕਿ ਕਤਲ ਦੀ ਨੌਬਤ ਆ ਜਾਵੇ।
ਪੁਲਿਸ ਵਲੋਂ ਜਾਂਚ ਕੀਤੀ ਗਈ ਸ਼ੁਰੂ:ਇਸ ਵਾਰਦਾਤ ਦਾ ਪਤਾ ਲੱਗਣ ਉਪਰੰਤ ਐਸ.ਐਸ.ਪੀ.ਵਤਸਲਾ ਗੁਪਤਾ, ਡੀ.ਐਸ.ਪੀ. ਸਬ ਡਿਵੀਜ਼ਨ ਮਨਪ੍ਰੀਤ ਸ਼ੀਹਮਾਰ, ਸੋਨਮਦੀਪ ਕੌਰ ਸਦਰ ਥਾਣਾ ਮੁਖੀ, ਪਾਲ ਸਿੰਘ ਸਿੱਧੂ ਚੌਕੀ ਇੰਚਾਰਜ ਕਾਲਾ ਸੰਘਿਆਂ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹਾਲੇ ਪੁਲਿਸ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ, ਜਿਸ ਤੋਂ ਪਤਾ ਲੱਗ ਸਕੇ ਕਿ ਮੁਲਜ਼ਮ ਵਲੋਂ ਇਸ ਕਤਲ ਦੀ ਵਾਰਦਾਤ ਨੂੰ ਕਿਉੇਂ ਅੰਜ਼ਾਮ ਦਿੱਤਾ ਗਿਆ ਹੈ। ਜਦਕਿ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।