ਕਪੂਰਥਲਾ: ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਸਰਗਰਮ ਮੈਂਬਰ ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਸਾਥੀ ਜੋਗਿੰਦਰ ਸਿੰਘ ਗੁੱਜਰ ਕਪੂਰਥਲਾ ਦੇ ਪਿੰਡ ਅਕਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਕਾਫ਼ੀ ਜਾਣਕਾਰੀ ਮਿਲੀ ਹੈ ਜਿਸ 'ਤੇ ਪੁਲਿਸ ਕੰਮ ਕਰ ਰਹੀ ਹੈ।
ਇਸ ਤੋਂ ਇਲਾਵਾ ਉਸ ਕੋਲੋਂ ਇਕ ਮੋਬਾਈਲ ਫੋਨ ਜਿਸ ਤੋਂ ਉਹ ਆਪਣਾ ਨੈਟਵਰਕ ਚਲਾਉਂਦਾ ਸੀ, ਮਿਲਿਆ ਹੈ ਅਤੇ ਇਸ ਮੋਬਾਇਲ ਨੂੰ ਜਾਂਚ ਲਈ ਤਕਨੀਕੀ ਲੈਬ ਵਿਚ ਭੇਜਿਆ ਗਿਆ ਹੈ। ਇਸੇ ਤਰ੍ਹਾਂ ਜੋਗਿੰਦਰ ਗੁੱਜਰ ਤੋਂ ਕੁਝ ਇਤਰਾਜ਼ਯੋਗ ਤਸਵੀਰਾਂ ਅਤੇ ਸਾਹਿਤਕ ਪਰਚੇ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਇਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਹੋਰ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਐਸਐਫਜੇ ਦੇ ਹੋਰ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ। ਜਦ ਕਿ ਜੋਗਿੰਦਰ ਸਿੰਘ ਗੁੱਜਰ ਨੇ ਆਪਣੇ ਆਪ ਨੂੰ ਨਿਰਦੋਸ਼ ਐਲਾਨਿਆ ਹੈ।
ਦੱਸ ਦਈਏ ਕਿ ਖ਼ਾਲਿਸਤਾਨ ਪੱਖੀਆਂ ਵੱਲੋਂ ਵਿਦੇਸ਼ਾਂ 'ਚੋਂ ਚਲਾਈ ਜਾ ਰਹੀ ਰੈਫਰੈਂਡਮ 2020 ਲਹਿਰ ਲਈ 4 ਜੁਲਾਈ ਤੋਂ ਵੋਟਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਾਫੀ ਚੌਕਸ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਸਣੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ ਹੈ।