ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਤੇ ਵੇਈਂ ਦੇ ਕੰਢੇ ਸ਼ੁਰੂ ਹੋਏ ਆਪਣੀ ਕਿਸਮ ਦੇ ਨਿਵੇਕਲੇ ਆਵਾਜ਼ ਅਤੇ ਰੌਸ਼ਨੀ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਪੂਰਵਕ ਆਨੰਦ ਮਾਣਿਆ।
15 ਨਵੰਬਰ ਦੀ ਰਾਤ ਤੱਕ ਚੱਲਣ ਵਾਲੇ ਇਸ ਅਤਿ ਪ੍ਰਭਾਵਸ਼ਾਲੀ ਤੇ ਅਲੌਕਿਕ ਸ਼ੋਅ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਾਬਾ ਨਾਨਕ ਦੇ ਇੱਕ ਨਿਮਾਣੇ ਸੇਵਕ ਵਜੋਂ ਆਪਣੀ ਹਾਜ਼ਰੀ ਲਵਾਈ ਜਦੋਂ ਕਿ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸੰਗਤ ਨੂੰ ਮੰਤਰ ਮੁਗਧ ਕੀਤਾ।
ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਗਏ ਇਸ ਲਾਇਟ ਐਂਡ ਸਾਊਂਡ ਦੇ ਇਸ ਅਲੌਕਿਕ ਸ਼ੋਅ ਦੌਰਾਨ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਸੰਗਤਾਂ ਦੇ ਠਾਠਾਂ ਮਾਰਦੇ ਪ੍ਰਭਾਵਸ਼ਾਲੀ ਇਕੱਠ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਰੁਹਾਨੀਅਤ ਦੇ ਰੰਗ ਵਿੱਚ ਰੰਗੇ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੇ ਇਸ ਸ਼ੋਅ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨ ਗੁਰੂ ਨਾਨਕ ਦਾ ਜਾਪ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਨੇ ਕਿਹਾ ਕਿ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾ ਰਹੇ ਹਾਂ ਜਿਸ ਲਈ ਸਾਨੂੰ ਇਸ ਪਾਵਨ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਨਫ਼ਰਤ ਦੀ ਅੱਗ ਨਾਲ ਸੜਦੇ-ਬਲਦੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ਾਂ ਮੁਤਾਬਕ ਜੀਵਨ ਜਾਚ ਸਿੱਖਾਂਗੇ।