ਨੰਗਲ ਦੇ ਨਜਦੀਕੀ ਪਿੰਡਾਂ ਵਿੱਚ ਤੇਂਦੁਏ ਦੀ ਦਹਿਸ਼ਤ ਕਪੂਰਥਲਾ:ਨੰਗਲ ਦੇ ਨਾਲ ਲੱਗਦੇ ਵੱਖ-ਵੱਖ ਪੇਂਡੂ ਖੇਤਰਾਂ ਦੇ ਲੋਕ ਖੌਫਨਾਕ ਤੇਂਦਏ ਦੇ ਡਰ 'ਚ ਰਹਿਣ ਲਈ ਮਜ਼ਬੂਰ ਹਨ। ਜੰਗਲਾਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਖੌਫਨਾਕ ਤੇਂਦੁਏ ਨੂੰ ਪਿੰਜਰਿਆਂ 'ਚ ਕੈਦ ਨਹੀਂ ਕੀਤਾ ਜਾ ਰਿਹਾ ਅਤੇ ਇਹ ਖੌਫਨਾਕ ਜਾਨਵਰ ਕਈ ਪੇਂਡੂ ਖੇਤਰਾਂ 'ਚ ਦਸਤਕ ਦੇ ਰਿਹਾ ਹੈ। ਇਨ੍ਹਾਂ ਗੱਲਾਂ ਖੁਲਾਸਾ ਪਿੰਡਵਾਸੀਆਂ ਵਲੋਂ ਕੀਤਾ ਗਿਆ।
ਖੁਲ੍ਹੇਆਮ ਘੁੰਮ ਰਿਹਾ ਤੇਂਦੁਆ: ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ ਤੇਂਦੁਆ ਖੁਲ੍ਹੇਆਮ ਘੁੰਮ ਰਿਹਾ ਹੈ। ਉਹ ਹੁਣ ਤੱਕ ਕਈ ਪਾਲਤੂ ਤੇ ਅਵਾਰਾ ਪਸ਼ੂਆਂ ਨੂੰ ਅਪਣਾ ਸ਼ਿਕਾਰ ਬਣਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਤੇ ਪਿੰਡ ਦੇ ਸਾਰੇ ਲੋਕ ਇਸ ਸਮੱਸਿਆ ਤੋਂ ਕਾਫੀ ਦੁਖੀ ਹੋ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇੱਥੇ ਬੱਚੇ ਵੀ ਖੇਡਦੇ ਰਹਿੰਦੇ ਹਨ, ਤਾਂ ਪਰਿਵਾਰਾਂ ਨੂੰ ਡਰ ਹੈ ਕਿ ਕੋਈ ਅਣਹੋਣੀ ਨਾ ਵਾਪਰ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ, ਇਸ ਤੇਂਦੁਏ ਉੱਤੇ ਕਾਬੂ ਪਾਇਆ ਜਾਵੇ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਪਿੰਡਵਾਸੀਆਂ ਨੇ ਦੱਸਿਆ ਕਿ ਇਸ ਪ੍ਰਕਾਰ ਦੀਆਂ ਘਟਨਾਵਾਂ ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਵੀ ਹੋ ਚੁੱਕੀਆਂ ਹਨ, ਕਿਉਕਿ ਇਹ ਇਲਾਕਾ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਅਤੇ ਇਹ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿੱਚ ਆ ਜਾਂਦੇ ਹਨ। ਜੰਗਲਾਤ ਵਿਭਾਗ ਵਲੋਂ ਸਮੇਂ-ਸਮੇਂ ਉੱਤੇ ਪਿੰਜਰੇ ਲਗਾ ਕੇ ਇਨ੍ਹਾਂ ਖੂੰਖਾਰ ਜਾਨਵਰਾਂ ਨੂੰ ਜੰਗਲ ਵਿਚ ਛੱਡਿਆ ਜਾਂਦਾ ਰਿਹਾ ਹੈ।
ਵੱਛੀ ਲੈ ਗਿਆ ਤੇਂਦੁਆ: ਤਾਜ਼ਾ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਨਿੱਕੂ ਨੰਗਲ ਤੋਂ ਦੇਰ ਰਾਤ ਸੁਰਜੀਤ ਨਾਮ ਦੇ ਵਿਅਕਤੀ ਦੇ ਪਸ਼ੂਆਂ ਦੇ ਸ਼ੈੱਡ 'ਚੋਂ ਸਾਹਮਣੇ ਆਇਆ ਹੈ, ਜਿੱਥੇ ਦੋ ਮਹੀਨੇ ਦੀ ਮਾਦਾ ਵੱਛੀ ਨੂੰ ਤੇਂਦੁਆ ਲੈ ਗਿਆ। ਇਸ ਸਬੰਧੀ ਸਵੇਰੇ ਜਦੋਂ ਉਹ ਆਪਣੀ ਗਾਂ ਦਾ ਦੁੱਧ ਚੌਣ ਗਿਆ, ਤਾਂ ਉੱਥੇ ਕੋਈ ਵੱਛੀ ਨਾ ਹੋਣ ਕਾਰਨ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਸਮੇਂ ਪਿੰਡ ਨਿੱਕੂ ਨੰਗਲ ਅੱਪਰ ਦੇ ਵਾਸੀ ਆਪਣੇ ਬੱਚਿਆਂ ਨੂੰ ਲੈ ਕੇ ਡਰਨ ਲੱਗੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਜਲਦ ਬਣਦੀ ਕਾਰਵਾਈ ਕਰੇ।