ਆਪਣਾ ਦਰਦਾ ਬਿਆਨ ਕਰਦੇ ਪਿੰਡ ਵਾਸੀ ਕਪੂ੍ਰਥਲਾ: ਜਿੱਥੇ ਇਕ ਪਾਸੇ ਮੁੜ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਹੀ ਪੰਜਾਬ ਵਿੱਚ ਵੀ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪਿੰਡਾਂ ਦੇ ਪਿੰਡ ਸਹਿਮ ਦੇ ਮਾਹੌਲ 'ਚ ਹਨ। ਬਿਆਸ ਦਰਿਆ 'ਚ ਵਧੇ ਪਾਣੀ ਦੇ ਪੱਧਰ ਨਾਲ ਕਾਲੀ ਵੇਈਂ ਨਦੀ ਦੇ ਕੰਢੇ ਵਸੇ ਪਿੰਡ ਬੂਸੋਵਾਲ ਅਤੇ ਨਜ਼ਦੀਕ ਲੱਗਦੇ ਡੇਰਾ ਸੈਕਟਰੀਆ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਦੋ ਮਹੀਨਿਆਂ ਤੋਂ ਲਗਾਤਾਰ ਝੱਲ ਰਹੇ ਸੰਤਾਪ: ਅਜਿਹੇ ਵਿੱਚ ਕਾਲੀ ਵੇਈਂ ਨਦੀ ਦੇ ਨੇੜ੍ਹੇ ਰਹਿੰਦੇ ਲੋਕ ਪ੍ਰਸ਼ਾਸਨ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਦੀ ਉਡੀਕ ਕਰ ਰਹੇ ਹਨ ਪਰ ਅਸਲ ਵਿੱਚ ਉਨ੍ਹਾਂ ਦੇ ਕੋਲ ਕੋਈ ਵੀ ਹਾਲ-ਚਾਲ ਪੁੱਛਣ ਤੱਕ ਲਈ ਨਹੀਂ ਪਹੁੰਚਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲੋਕਾਂ ਨੇ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਤਕਰੀਬਨ 10 ਜੁਲਾਈ ਤੋਂ ਸਾਡੇ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਸਾਡੇ ਪਸ਼ੂਆਂ ਵਾਸਤੇ ਚਾਰਾਂ ਵੀ ਨਹੀਂ ਹੈ। ਕਿਸਾਨਾਂ ਦਾ ਕਹਿਣਾ ਕਿ ਅਸੀਂ ਪਿਛਲੇ ਦੋ ਮਹੀਨਿਆਂ ਤੋਂ ਘਰਾਂ ਤੋਂ ਬੇਘਰ ਹੋਏ ਪਏ ਹਾਂ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ।
ਹਜ਼ਾਰਾਂ ਏਕੜ ਫਸਲ ਦਾ ਹੋਇਆ ਦੋ ਵਾਰ ਨੁਕਸਾਨ: ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਜਾਹਿਰ ਕੀਤੀ। ਉਹਨਾਂ ਕਿਹਾ ਕਿ ਸਾਡੇ ਇਲਾਕੇ ਜਿਸ ਤਰ੍ਹਾਂ ਹੜ੍ਹ ਦੀ ਲਪੇਟ ’ਚ ਹਨ ਅਤੇ ਪਿਛਲੇ ਕਰੀਬ ਦੋ ਮਹੀਨਿਆਂ ਦਾ ਸਮਾਂ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਬੇਹੱਦ ਮੁਸ਼ਕਿਲ ਭਰਿਆ ਕੱਟਿਆ ਹੈ ਅਤੇ ਹੁਣ ਵੀ ਉਨ੍ਹਾਂ ਦੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਕਿ ਤਕਰੀਬਨ 1 ਹਜ਼ਾਰ ਏਕੜ ’ਚ ਅਜੇ ਵੀ ਹੜ੍ਹ ਦਾ ਪਾਣੀ ਹੈ, ਜਦਕਿ ਜਿੱਥੋਂ ਪਾਣੀ ਨਿਕਲ ਚੁੱਕਾ ਹੈ ਤਾਂ ਉਥੇ ਲੋਕਾਂ ਨੂੰ ਹੋਰ ਸਮੱਸਿਆਵਾਂ ਨਾਲ ਦੋ-ਦੋ ਹੱਥ ਕਰਨੇ ਪੈ ਰਹੇ ਹਨ।
ਨਾ ਪੁੱਜੇ ਅਧਿਕਾਰੀ ਤੇ ਨਾ ਸਰਕਾਰ ਨੇ ਫੜੀ ਬਾਂਹ:ਪਿੰਡ ਦੇ ਕਿਸਾਨਾਂ ਦਾ ਕਹਿਣਾ ਕਿ ਉਹ ਦੋ ਵਾਰ ਝੋਨੇ ਦੀ ਫ਼ਸਲ ਬੀਜ ਚੁੱਕੇ ਹਨ ਪਰ ਉਹ ਦੂਜੀ ਵਾਰ ਫਿਰ ਮਰ ਗਈ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਬਲਾਕ ਦਾ ਅੱਜ ਵੀ ਇਕ ਬਹੁਤ ਵੱਡਾ ਹਿੱਸਾ ਹੜ੍ਹ ਕਾਰਨ ਪ੍ਰਭਾਵਿਤ ਹੋ ਰਿਹਾ। ਜਿਸ 'ਚ ਨਾ ਕੋਈ ਅਧਿਕਾਰੀ, ਨਾ ਸਰਕਾਰ ਅਤੇ ਨਾ ਹੀ ਕੋਈ ਸਮਾਜ ਸੇਵੀ ਇਸ ਮੁਸੀਬਤ ਦੀ ਘੜੀ ’ਚ ਲੋਕਾਂ ਦੀ ਸਹਾਇਤਾ ਲਈ ਸਾਡੇ ਕੋਲ ਪੁੱਜੇ। ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕਾਲੀ ਵੇਈਂ ਨਦੀ ਦੇ ਕੰਢੇ ਆਰਜ਼ੀ ਬੰਨ੍ਹ ਲਗਾਇਆ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਨੁਕਸਾਨ ਨਾ ਹੋਵੇ।