ਕਪੂਰਥਲਾ: ਫਗਵਾੜਾ ਦੇ ਜੋਸ਼ੀ ਮੁਹੱਲੇ ਵਿੱਚ ਇੱਕ ਜੋਤਸ਼ੀ ਦੀ ਦੁਕਾਨ ਵਿੱਚ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਰਾਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਸੁਭਾਸ਼ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਕੋਲ ਕੰਮ ਕਰਨ ਵਾਲਾ ਇੱਕ ਕਰਮਚਾਰੀ ਹਰ ਦਿਨ ਦੀ ਤਰ੍ਹਾਂ ਦੁਕਾਨ ਦੀ ਸਫਾਈ ਕਰਕੇ ਵਾਪਿਸ ਘਰ ਚਲਾ ਗਿਆ। ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਦੁਕਾਨ ਨੇੜੇ ਰਹਿਣ ਵਾਲੇ ਲੋਕਾਂ ਨੇ ਫ਼ੋਨ ਕਰਕੇ ਦੱਸਿਆ ਕੀ ਉਨ੍ਹਾਂ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ।
ਫ਼ੋਨ ਸੁਣਨ ਤੋਂ ਬਾਅਦ ਉਹ ਤੁਰੰਤ ਆਪਣੀ ਦੁਕਾਨ ਉੱਤੇ ਪੁੱਜੇ ਤਾਂ ਦੇਖਿਆ ਕਿ ਦੁਕਾਨ ਦੇ ਅੰਦਰ ਭਾਰੀ ਅੱਗ ਫੈਲ ਚੁੱਕੀ ਸੀ। ਮਾਲਕ ਮੁਤਾਬਕ ਅੱਗ ਲੱਗਣ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਅਤੇ ਕੜੀ ਮੁਸ਼ੱਕਤ ਕਰਦੇ ਹੋਏ ਅੱਗ ਉੱਤੇ ਕਾਬੂ ਪਾਇਆ ਗਿਆ।
ਅੱਗ ਉੱਤੇ ਕਾਬੂ ਪਾਉਣ ਤੱਕ ਲੱਖਾਂ ਦਾ ਸਮਾਨ ਅਤੇ ਹੋਰ ਵੀ ਕੀਮਤੀ ਚੀਜ਼ਾਂ ਸੜ ਚੁੱਕੀਆਂ ਸਨ। ਅੱਗ ਲੱਗਣ ਦੇ ਮਾਮਲੇ ਦੇ ਵਿੱਚ ਜਦੋਂ ਫਾਇਰ ਆਫ਼ਸਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਜਿੱਥੋਂ ਤੱਕ ਪਹਿਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।