ਕਪੂਰਥਲਾ: ਹਰ ਪਾਸਿਓਂ ਮਾਰ ਝੇਲਣ ਵਾਲੇ ਕਿਸਾਨ ਨੂੰ ਹੁਣ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੀ ਤਾਲਾਬੰਦੀ ਵੀ ਪ੍ਰਭਾਵਿਤ ਕਰ ਰਹੀ ਹੈ। ਹਾਲਾਤ ਇਹ ਹਨ ਕਿ ਬੰਪਰ ਫਸਲ ਦੇ ਬਾਵਜੂਦ ਕਿਸਾਨ ਸਬਜ਼ੀਆਂ ਨੂੰ ਖੇਤਾਂ ਵਿੱਚ ਵਾਹੁਣ ਲਈ ਮਜ਼ਬੂਰ ਹਨ। ਜ਼ਿਲ੍ਹਾ ਕਪੂਰਥਲਾ ਦੇ ਕਿਸਾਨ ਰਵਾਇਤੀ ਖੇਤੀ ਦੀ ਬਜਾਏ ਸਬਜ਼ੀਆਂ ਦੀ ਖੇਤੀ ਨੂੰ ਅਹਿਮੀਅਤ ਦੇ ਰਹੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਸ਼ਿਮਲਾ ਮਿਰਚਾਂ ਦੀ ਕਪੂਰਥਲਾ ਵਿੱਚ ਖ਼ੂਬ ਪੈਦਾਵਾਰ ਹੈ।
ਵੱਡੀ ਗਿਣਤੀ ਵਿੱਚ ਕਿਸਾਨ ਸ਼ਿਮਲਾ ਮਿਰਚਾਂ ਲਗਾਉਂਦੇ ਹਨ। ਸ਼ਿਮਲਾ ਮਿਰਚ ਦੀ ਬਿਜਾਈ ਠੰਡ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਮਾਰਚ ਮਹੀਨੇ ਤੋਂ ਇਸ 'ਤੇ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜੋ ਜੂਨ ਦੇ ਅਖੀਰ ਤੱਕ ਚੱਲਦਾ ਹੈ। ਇਸ ਵਾਰ ਮੌਸਮ ਵੀ ਚੰਗਾ ਰਿਹਾ ਤੇ ਸ਼ਿਮਲਾ ਦੀ ਪੈਦਾਵਾਰ ਵੀ ਵਧੀਆ ਹੋਈ ਪਰ ਕੋਰੋਨਾ ਕਾਰਨ ਹੋਈ ਤਾਲਾਬੰਦੀ ਨੇ ਸ਼ਿਮਲਾ ਦੇ ਕਾਸ਼ਤਕਾਰ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਮੰਡੀ ਵਿੱਚ ਸ਼ਿਮਲਾ ਮਿਰਚ ਦੀ ਮੰਦੀ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ।