ਫਲਾਇੰਗ ਸਕੂਐਡ ਟੀਮ ਨੇ ਵਾਹਨ ਵਿਚੋਂ ਜ਼ਬਤ ਕੀਤੇ 17 ਲੱਖ 34 ਹਜ਼ਾਰ ਰੁਪਏ - punjab news
ਫਲਾਇੰਗ ਸਕੂਐਡ ਟੀਮ ਵੱਲੋਂ ਵਾਹਨ ਵਿਚੋਂ 17 ਲੱਖ 34 ਹਜ਼ਾਰ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ। ਵਾਹਨ ਦੀ ਜਾਂਚ ਕਰਦੀ ਹੋਈ ਫਲਾਇੰਗ ਸਕੂਐਡ ਟੀਮ ਅਤੇ ਫੜੀ ਗਈ ਰਾਸ਼ੀ।
ਕਪੂਰਥਲਾ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲਾ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਵਿਸ਼ੇਸ਼ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਤੇ ਵੀਡੀਓ ਵਿਊਇੰਗ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਫਗਵਾੜਾ ਵਿਖੇ ਤਾਇਨਾਤ ਫਲਾਇੰਗ ਸਕੂਐਡ ਟੀਮ ਵੱਲੋਂ ਫਗਵਾੜਾ-ਚੰਡੀਗੜ ਬਾਈਪਾਸ 'ਤੇ ਵਾਹਨ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 17 ਲੱਖ 34 ਹਜ਼ਾਰ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ ਹੈ। ਟੀਮ ਵੱਲੋਂ ਪੁੱਛਗਿੱਛ ਦੌਰਾਨ ਵਾਹਨ ਚਾਲਕ ਉਪਰੋਕਤ ਰਕਮ ਦੇ ਸਰੋਤ ਬਾਰੇ ਕੋਈ ਵੀ ਸਪੱਸ਼ਟੀਕਰਨ ਨਹੀਂ ਦੇ ਸਕਿਆ। ਇਹ ਰਕਮ 10 ਲੱਖ ਰੁਪਏ ਤੋਂ ਵੱਧ ਹੋਣ ਕਾਰਨ ਮਾਮਲਾ ਆਮਦਨ ਕਰ ਵਿਭਾਗ ਕੋਲ ਰੈਫਰ ਕਰਦਿਆਂ ਇਸ ਸਬੰਧੀ ਡੀਆਈਟੀਸੀ ਤੇ ਕਪੂਰਥਲਾ ਜ਼ਿਲੇ ਦੇ ਨੋਡਲ ਅਫ਼ਸਰ ਮਾਨਿਕਸ਼ਾਹ ਕਪੂਰ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਨੇ ਇਨਕਮ ਟੈਕਸ ਅਫ਼ਸਰ ਨੂੰ ਮੌਕੇ 'ਤੇ ਭੇਜ ਕੇ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਸਦਰ ਫਗਵਾੜਾ ਵਿਖੇ ਡੀਡੀਆਰ ਦਰਜ ਕਰਵਾਈ ਗਈ ਹੈ ਤੇ ਹੁਣ ਇਹ ਮਾਮਲਾ ਆਮਦਨ ਕਰ ਵਿਭਾਗ ਦੀ ਜਾਂਚ ਅਧੀਨ ਚੱਲ ਰਿਹਾ ਹੈ।