ਜਲੰਧਰ:ਪੰਜਾਬ ਭਰ ਵਿੱਚ ਭਾਰੀ ਬਰਸਾਤ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਜਿਸ ਵਿੱਚ ਹੁਣ ਤੱਕ 11 ਜ਼ਿਲ੍ਹੇ ਇਸ ਦੇ ਲਪੇਟੇ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ 5 ਜਿਲ੍ਹਿਆਂ ਵਿੱਚ ਪਾਣੀ ਨੇ ਜ਼ਿਆਦਾ ਨੁਕਸਾਨ ਪਹੁੰਚਾਇਆ। ਇਸ ਵਿਚਾਲੇ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਲੰਧਰ ਤੋਂ ਜਿੱਥੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਲੋਹੀਆਂ ਦੇ ਪਿੰਡ ਗਿੱਦੜਪਿੰਡੀ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸ ਦਾ ਅੰਤਿਮ ਸਸਕਾਰ ਦੋਹਤੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਥਾਂ ਉੱਤੇ ਕਰਨ ਦੀ ਬਜਾਏ ਸੜਕ ਉੱਤੇ ਹੀ ਕਰਨਾ ਪਿਆ। ਦਰਅਸਲ, ਸ਼ਮਸ਼ਾਨ ਘਾਟ ਪਾਣੀ ਨਾਲ ਭਰੇ ਹੋਣ ਕਰਕੇ ਮੁੰਡੇ ਨੇ ਆਪਣੇ "ਨਾਨੇ" ਦਾ ਸੜਕ ਕੰਡੇ "ਸਸਕਾਰ" ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਨੇ ਬਜ਼ੁਰਗ ਦਾ ਸਸਕਾਰ ਗਿਦੜਪਿੰਡੀ ਫਿਰੋਜ਼ਪੁਰ ਮਾਰਗ 'ਤੇ ਹੀ ਕਰ ਦਿੱਤਾ ਅਤੇ ਇਸ ਮੌਕੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਤੰਜ ਕੱਸਦਿਆਂ ਕਿਹਾ ਕਿ ਨਾ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕੋਈ Emergency ਨੰਬਰ ਲੱਗਿਆ ਹੈ। ਸਰਕਾਰ ਇਕ ਵਾਰ ਫਿਰ ਲੋਕਾਂ ਨਾਲ ਝੂਠੇ ਦਾਅਵੇ ਕਰ ਰਹੀ ਹੈ, ਜੋ ਇਹੋ ਜਿਹੇ ਸਮੇਂ 'ਚ ਕੋਈ ਸਹਾਇਤਾ ਹੋ ਸਕੇ।
ਸਮੇਂ ਸਿਰ ਨਹੀਂ ਮਿਲਿਆ ਇਲਾਜ:ਮਾਸਟਰ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਾਲੇ ਉਸ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਪਰ, ਪਿੰਡ ਵਿੱਚ ਭਾਰੀ ਮੀਂਹ ਕਰਨ ਤੋਂ ਹੜ੍ਹ ਵਰਗੇ ਹਾਲਾਤ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਉਸ ਨੇ ਦੱਸਿਆ ਕਿ ਮੋਬਾਈਲ ਨੈੱਟਵਰਕ ਅਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਹ ਆਪਣੇ ਨਾਨੇ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਸਕੇ। ਦੱਸ ਦਈਏ ਕਿ ਮ੍ਰਿਤਕ ਰਿਟਾਇਰਡ ਅਧਿਆਪਕ ਸੀ।