ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਪਾਣੀ ਦੀ ਮਾਰ ਤੋਂ ਬਾਅਦ ਇੱਕ ਹੋਰ ਵੱਡਾ ਖ਼ਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ। ਜੋ ਹੜ੍ਹਾਂ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲੇ ਖ਼ਤਰਨਾਕ ਮੱਛਰਾਂ ਨਾਲ ਜੁੜਿਆ ਹੈ। ਦਰਅਸਲ ਸੁਲਤਾਨਪੁਰ ਲੋਧੀ ਇਲਾਕੇ ਦੇ ਮੰਡ ਖੇਤਰ ਤੇ ਹੋਰ ਨਾਲ ਲੱਗਦੇ ਸੰਬੰਧਿਤ 40 ਪਿੰਡਾਂ ਵਿੱਚ ਹੁਣ ਹੜ੍ਹਾਂ ਤੇ ਬਰਸਾਤੀ ਪਾਣੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਿਸ ਮਗਰੋਂ ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ।
ਡੇਂਗੂ ਦੇ ਲੱਛਣ:ਇਹ ਡੇਂਗੂ ਦਾ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖ਼ਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।