ਫਗਵਾੜਾ: ਐੱਸਡੀਐੱਮ ਨੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਨੂੰ ਠੱਲਣ ਲਈ ਰਾਤੀਂ 9 ਵਜੇ ਤੋਂ 1 ਵਜੇ ਤੱਕ ਪੁਲਿਸ ਦੇ ਨਾਲ ਸਰਕਾਰੀ ਅਧਿਆਪਕਾਂ ਦੀ ਡਿਊਟੀ ਲਗਾਉਣ ਦੇ ਹੁਕਮ ਦਿੱਤੇ ਸਨ। ਚਾਰੇ ਪਾਸੇ ਤੋਂ ਇਨ੍ਹਾਂ ਹੁਕਮਾਂ ਦੀ ਅਲੋਚਨਾ ਹੋਣ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਇਨ੍ਹਾਂ ਹੁਕਮਾਂ ਨੂੰ ਵਾਪਸ ਲੈਣ ਲਈ ਐੱਸਡੀਐੱਮ ਫਗਵਾੜਾ ਨੂੰ ਹਦਾਇਤ ਦਿੱਤੀ ਹੈ।
ਐੱਸਡੀਐੱਮ ਫਗਵਾੜਾ ਨੇ ਆਪਣੇ ਹੁਕਮਾਂ ਵਿੱਚ ਕਿਹਾ ਸੀ ਕਿ ਉਪ-ਮੰਡਲ ਫਗਵਾੜਾ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਟੀਮਾਂ ਰਾਤ 9 ਵਜੇ ਤੋਂ 1 ਵਜੇ ਤੱਕ ਉਪ-ਮੰਡਲ ਦੇ ਵੱਖ-ਵੱਖ ਦਾਖ਼ਲਾ ਪੁਆਇੰਟਾਂ 'ਤੇ ਡਿਊਟੀ ਦੇਣਗੀਆਂ। ਡਿਊਟੀ 'ਤੇ ਪੰਜਾਬ ਪੁਲਿਸ ਦੇ ਨਾਲ ਅਧਿਆਪਕ ਵੀ ਤਾਇਨਾਤ ਰਹਿਣਗੇ।
ਇਨ੍ਹਾਂ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਡੈਮੋਕਰੈਟਿਕ ਟੀਚਰ ਫਰੰਟ ਨੇ ਜ਼ੌਰਦਾਰ ਵਿਰੋਧ ਦਰਜ ਕਰਵਾਇਆ ਸੀ। ਅਕਾਲੀ ਦਲ ਨੇ ਕਿਹਾ ਕਿ ਸੀ ਕਿ ਸਰਕਾਰ ਦੀ ਨੀਤੀ ਸਮਝ ਤੋਂ ਬਾਹਰ ਹੈ ਕਿ ਉਹ ਕਿਉਂ ਅਧਿਆਪਕਾਂ ਨੂੰ ਸ਼ਰਾਬ ਅਤੇ ਰੇਤ ਮਾਫੀਆ ਅੱਗੇ ਵਾਰ-ਵਾਰ ਸੁੱਟ ਰਹੀ ਹੈ।