ਫਗਵਾੜਾ: ਕਾਂਗਰਸ ਤੋਂ ਟਿਕਟ ਮਿਲਣ 'ਤੇ ਬਲਵਿੰਦਰ ਸਿੰਘ ਧਾਲੀਵਾਲ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ। ਇਸ ਦੌਰਾਨ ਕਾਂਗਰਸ ਦੇ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਧਾਲੀਵਾਲ ਨੇ ਹਾਈ ਕਮਾਂਡ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਗਵਾੜਾ ਜ਼ਿਮਨੀ ਚੋਣਾਂ ਵਿੱਚ ਭਾਰੀ ਬਹੁਮਤ ਲੈ ਕੇ ਜਿੱਤ ਨੂੰ ਕਾਂਗਰਸ ਦੀ ਝੋਲੀ ਵਿੱਚ ਪਾਵਾਂਗੇ। ਬਲਵਿੰਦਰ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਦਾ ਕੰਮ ਉਨ੍ਹਾਂ ਦਾ ਟੀਚਾ ਹੋਵੇਗਾ।
ਜ਼ਿਮਨੀ ਚੋਣਾਂ ਲਈ ਚੋਣ ਜ਼ਾਬਤਾ ਲਾਗੂ, 4 ਹਲਕਿਆਂ ਲਈ ਚੋਣ ਪ੍ਰਕਿਰਿਆ ਸ਼ੁਰੂ
ਜ਼ਿਕਰਯੋਗ ਹੈ ਕਿ ਸੂੂਬੇ ਦੇ 4 ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਸੋਮਵਾਰ ਨੂੰ ਕਾਂਗਰਸ ਨੇ ਆਪਣੇ 4 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ। ਕਾਂਗਰਸ ਨੇ ਜਲਾਲਾਬਾਦ ਤੋਂ ਰਮਿੰਦਰ ਆਵਲਾ, ਦਾਖਾਂ ਤੋਂ ਸੰਦੀਪ ਸਿੰਘ ਸੰਧੂ, ਮੁਕੇਰੀਆਂ ਤੋਂ ਇੰਦੂ ਬਾਲਾ ਅਤੇ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਜ਼ਿਮਨੀ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 30 ਸਤੰਬਰ ਅਤੇ ਨਾਂਅ ਵਾਪਸ ਲੈਣ ਦੀ ਆਖ਼ਰੀ ਮਿਤੀ 3 ਅਕਤੂਬਰ ਨਿਰਧਾਰਿਤ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਇਸ ਵਾਰ ਚੋਣਾਂ ਵਿੱਚ ਪਲਾਸਟਿਕ ਦੀ ਵਰਤੋਂ ਅਤੇ ਟ੍ਰੈਫਿਕ ਨਿਯਮਾਂ ਦਾ ਵੀ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇਗਾ ਜਿਸ ਲਈ ਪੰਜਾਬ ਪੁਲਿਸ ਨੂੰ ਵੀ ਬੇਨਤੀ ਕੀਤੀ ਗਈ ਹੈ। ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ 27 ਅਕਤੂਬਰ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ ਅਤੇ ਚਾਰ ਹਲਕਿਆਂ ਦੇ ਉੱਪਰ ਖ਼ਾਸ ਤੌਰ 'ਤੇ ਨਜ਼ਰ ਰੱਖੀ ਜਾਵੇਗੀ।