ਕਪੂਰਥਲਾ : ਕਪੂਰਥਲਾ ਦੇ ਡੀਸੀ ਚੌਕ ਨੇੜੇ ਨਾਕੇ 'ਤੇ ਖੜ੍ਹੇ ਟ੍ਰੈਫਿਕ ਏਐੱਸਆਈ ਦੇ ਛੋਟੇ ਹਾਥੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਨੇ ਨਾਕੇ 'ਤੇ ਇਕ ਛੋਟੇ ਹਾਥੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਏਐੱਸਆਈ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਏਐੱਸਆਈ ਦੀ ਪਛਾਣ ਮਲਕੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਅਜੀਤ ਨਗਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਦੁਪਹਿਰ 2 ਵਜੇ ਦੇ ਕਰੀਬ ਡੀਸੀ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰਤਾਰਪੁਰ ਵੱਲੋਂ ਇੱਕ ਛੋਟਾ ਹਾਥੀ ਆਇਆ, ਜਿਸ ਨੂੰ ਟ੍ਰੈਫਿਕ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਛੋਟੇ ਹਾਥੀ ਦੇ ਡਰਾਈਵਰ ਨੇ ਰੁਕਣ ਦੀ ਬਜਾਏ ਟ੍ਰੈਫਿਕ ਕਰਮਚਾਰੀਆਂ ਨੂੰ ਅਣਦੇਖਾ ਕਰਦੇ ਹੋਏ ਏਐੱਸਆਈ ਨੂੰ ਟੱਕਰ ਮਾਰ ਦਿੱਤੀ ਅਤੇ ਛੋਟੇ ਹਾਥੀ ਨੂੰ ਜਲੰਧਰ ਵੱਲ ਭਜਾ ਕੇ ਲੈ ਗਿਆ। ਇਸ ਦੌਰਾਨ ਏਐੱਸਆਈ ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ 'ਚ ਫਸ ਗਈ ਅਤੇ ਚਾਲਕ ਉਸ ਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਲੈ ਗਿਆ।