ਕਪੂਰਥਲਾ ਵਿੱਚ ਪੁੱਤਰ ਦੀ ਮੌਤ ਤੋਂ ਬਾਅਦ ਦੁਬਾਈ ਵਿੱਚ ਬੈਠੇ ਪਿਤਾ ਦੀ ਹੋਈ ਮੌਤ ਕਪੂਰਥਲਾ:ਕਰੀਬ ਇੱਕ ਮਹੀਨਾ ਪਹਿਲਾਂ ਕਪੂਰਥਲਾ ਦੇ ਪਰਿਵਾਰ ਵਿੱਚ ਦੋਹਰੇ ਦੁਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਪਰਿਵਾਰ ਦੇ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਪੁੱਤਰ ਦੀ ਮੌਤ ਹੋ ਜਾਣ ਦੀ ਖਬਰ ਸੁਣਦੇ ਹੀ ਦੁਬਈ ਵਿੱਚ ਬੈਠੇ ਪਿਤਾ ਨੇ ਵੀ ਸਦਮੇ ਵਿੱਚ ਦਮ ਤੋੜ ਦਿੱਤਾ। ਜਿਸ ਦਾ ਅੰਤਮ ਸਸਕਾਰ ਬੀਤੇ ਦਿਨ ਕਪੂਰਥਲਾ ਵਿੱਚ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਮਲਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਉਸ ਦੇ ਕੁਝ ਦੋਸਤ ਬਾਬਾ ਮੁਰਾਦ ਸ਼ਾਹ ਦੀ ਦਰਗਾਹ 'ਤੇ ਲੈਕੇ ਗਏ ਸਨ, ਪਰ ਘਰ ਕਮਲਜੀਤ ਸਿੰਘ ਦੀ ਮੌਤ ਦੀ ਖਬਰ ਹੀ ਪਹੁੰਚੀ।
ਪਿਤਾ ਦੀ ਸਦਮੇ ਵਿੱਚ ਹੋਈ ਮੌਤ:ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ 23 ਜੂਨ ਨੂੰ ਉਹਨਾਂ ਨੇ ਪੁੱਤਰ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਅਸੀਂ ਉਹਨਾਂ ਨੇ ਪਿਤਾ ਨੂੰ ਫੋਨ ਕਰ ਜਾਣਕਾਰੀ ਦਿੱਤੀ ਸੀ, ਜੋ ਕਿ ਦੁਬਈ ਵਿੱਚ ਸਨ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੇ ਪਿਤਾ ਆਪਣੇ ਪੁੱਤਰ ਦੀ ਮੌਤ ਕਾਰਨ ਸਦਮੇ ਵਿੱਚ ਆ ਗਏ ਤੇ ਜਦੋਂ ਉਹ 26 ਜੂਨ ਨੂੰ ਕੰਮ ਉੱਤੇ ਗਏ ਤਾਂ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨੇ ਬਾਅਦ ਉਹਨਾਂ ਦੇ ਪਤੀ ਦੀ ਲਾਸ਼ ਦੁਬਈ ਤੋਂ ਭਾਰਤ ਆਈ ਹੈ, ਜਿੱਥੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਪੀੜਤਾ ਨੇ ਦੱਸਿਆ ਕਿ ਉਹਨਾਂ ਦਾ ਤਾਂ ਘਰ ਹੀ ਉਜੜ ਗਿਆ ਹੈ, ਕਿਉਂਕਿ ਘਰ ਵਿੱਚ ਕਮਾਉਣ ਵਾਲੇ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ ਮੌਤ:ਪੀੜਤਾ ਕਮਲੇਸ਼ ਨੇ ਦੱਸਿਆ ਕਿ 22 ਜੂਨ ਦੀ ਰਾਤ ਉਹਨਾਂ ਦੇ ਪੁੱਤਰ ਨੂੰ ਘਰੋਂ ਕੁਝ ਨੌਜਵਾਨ ਲੈ ਗਏ ਸਨ ਤੇ ਸਾਨੂੰ ਕਿਹਾ ਗਿਆ ਸੀ ਕਿ ਉਹ ਪੀਰ ਦੀ ਦਰਗਾਹ ਉੱਤੇ ਜਾ ਰਹੇ ਹਨ। ਪੀੜਤਾ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹਨਾਂ ਦੀ ਆਪਣੇ ਪੁੱਤਰ ਨਾਲ ਗੱਲ ਹੋਈ ਤੇ ਉਸ ਨੇ ਕਿਹਾ ਸੀ ਕਿ ਉਹ ਠੀਕ ਹੈ। ਫਿਰ ਜਦੋਂ 10 ਵਜੇ ਘਰ ਨਾ ਆਉਣ ਉੱਤੇ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਕਮਲੇਸ਼ ਨੇ ਦੱਸਿਆ ਕਿ ਉਹ ਰਾਤ ਸਮੇਂ ਹੀ ਦਰਗਾਹ ਉੱਤੇ ਦੇਖਕੇ ਆਏ, ਪਰ ਉਥੇ ਕੋਈ ਨਾ ਮਿਲਿਆ ਤੇ ਫਿਰ ਉਹ ਘਰ ਆ ਗਏ। ਉਹਨਾਂ ਨੇ ਦੱਸਿਆ ਕਿ 23 ਜੂਨ ਦੀ ਸਵੇਰ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦਾ ਪੁੱਤ ਸ਼ਮਸ਼ਾਨਘਾਟ ਕੋਲ ਡਿੱਗਾ ਪਿਆ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਕਿਹਾ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।
ਮਹੀਨੇ ਬਾਅਦ ਵੀ ਪੁਲਿਸ ਨੇ ਨਹੀਂ ਕੀਤੀ ਕਾਰਵਾਈ:ਉਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਉੱਤੇ ਵੀ ਇਲਜ਼ਾਮ ਲਗਾਏ ਹਨ, ਉਹਨਾਂ ਨੇ ਕਿਹਾ ਕਿ ਮਹੀਨੇ ਬੀਤ ਜਾਣ ਦੇ ਬਾਵਜੂਦ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਪੋਸਟਮਾਰਟਮ ਫਾਇਲ ਦੱਸ ਕਾਰਵਾਈ ਨਾ ਕਰਨ ਵਾਲੀ ਰਿਪੋਰਟ ਉੱਤੇ ਦਸਤਖ਼ਤ ਕਰਵਾ ਲਏ ਹਨ।