ਕਪੂਰਥਲਾ: ਦਿਹਾਤੀ ਪੁਲਿਸ ਵੱਲੋਂ ਦੋ ਦਿਨ ਪਹਿਲਾਂ ਫੜ੍ਹੇ ਗਏ 6 ਕਿੱਲੋ ਹੈਰੋਇਨ ਦੇ ਸਮੱਗਲਰ ਨੇ ਤਫਤੀਸ਼ ਦੌਰਾਨ ਕੀਤੇ ਸਨਸਨੀਖੇਜ ਖੁਲਾਸੇ ਵਿੱਚ ਦੱਸਿਆ ਕਿ ਉਸ ਨੂੰ ਕੁੱਝ ਸਾਲ ਪਹਿਲਾਂ ਐਸ.ਐਚ.ਓ ਹਰਜੀਤ ਸਿੰਘ ਨੇ ਕਾਬੂ ਕੀਤਾ ਸੀ, ਜੋ ਕਿ ਉਸ ਵੇਲੇ ਥਾਣੇ ਵਿੱਚ ਬਤੌਰ ਐੱਸਐੱਚਓ ਸੁਲਤਾਨਪੁਰ ਲੋਧੀ ਤਾਇਨਾਤ ਸੀ। ਤਸਕਰ ਨੇ ਕਿਹਾ ਉਹ ਨਸ਼ੇ ਸਮੇਤ ਫੜਿਆ ਗਿਆ ਪਰ 20 ਲੱਖ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ।
ਮੁਲਜ਼ਮ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ:ਜਲੰਧਰ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਸੁਭਾਨਪੁਰ ਕਪੂਰਥਲਾ ਵਿਖੇ ਐਸ.ਐਚ.ਓ ਹਰਜੀਤ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਰਜੀਤ ਸਿੰਘ ਅਜੇ ਫਰਾਰ ਹੈ। ਮੁਲਜ਼ਮ ਸਬ-ਇੰਸਪੈਕਟਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਭ੍ਰਿਸ਼ਟਾਚਾਰ ਦੀਆਂ ਧਾਰਵਾਂ ਕਾਰਵਾਈ: ਐੱਸਐੱਸਪੀ ਸੰਧੂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਗੁਜ਼ਰਾਲ ਸਿੰਘ ਉਰਫ ਜੋਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਸ਼ੇ ਦੇ ਧੰਦੇ ਵਿੱਚ ਕਾਬੂ ਕਰਨ ਤੋਂ ਪਹਿਲਾਂ ਸਬ-ਇੰਸਪੈਕਟਰ ਹਰਜੀਤ ਸਿੰਘ ਤੇ ਏ.ਐਸ.ਆਈ. ਪਰਮਜੀਤ ਸਿੰਘ ਨੇ ਨਸ਼ਾ ਤਸਕਰ ਨੂੰ 20 ਲੱਖ ਰੁਪਏ ਲੈ ਕੇ ਛੱਡ ਦਿੱਤਾ ਸੀ। ਇਸ ਸਬੰਧੀ ਮਾਮਲੇ ਦੀ ਪੜਤਾਲ ਪਿੱਛੋਂ ਸਬ ਇੰਸਪੈਕਟਰ ਹਰਜੀਤ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਅਤੇ ਉਕਾਰ ਸਿੰਘ ਵਿਰੁੱਧ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਵਿਖੇ ਮੁਕੱਦਮਾ ਭ੍ਰਿਸ਼ਟਾਚਾਰ ਦੀਆਂ ਧਾਰਵਾਂ ਤਹਿਤ ਦਰਜ ਕੀਤਾ ਗਿਆ।
ਨਕਦੀ ਅਤੇ ਬੈਂਕ ਦਸਤਾਵੇਜ ਮਿਲੇ: ਇਸ ਤੋਂ ਬਾਅਦ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਲਈ ਦੋ ਵੱਖ-ਵੱਖ ਟੀਮਾਂ ਵੱਲੋਂ ਰੇਡ ਦੌਰਾਨ ਏ.ਐਸ.ਆਈ. ਪਰਮਜੀਤ ਸਿੰਘ ਅਤੇ ਉਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਸਬ ਇੰਸਪੈਕਟਰ ਹਰਜੀਤ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੇਡ ਦੌਰਾਨ ਉਕਤ ਦੇ ਟਿਕਾਣਿਆਂ ਤੋਂ ਕੁਝ ਨਕਦੀ ਅਤੇ ਬੈਂਕ ਦਸਤਾਵੇਜ ਵੀ ਮਿਲੇ ਹਨ ਜਿਨ੍ਹਾਂ ਦੀ ਘੋਖ ਜਾਰੀ ਹੈ। ਐੱਸਐੱਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ।