ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਰਾਈਆ ਦਾ ਇੱਕ ਨੌਜਵਾਨ ਬਲਜਿੰਦਰ ਸਿੰਘ ਆਪਣੇ ਸੁਨਹਿਰੀ ਭਵਿੱਖ ਲਈ ਦੁਬਈ ਗਿਆ ਅਤੇ ਕਰੀਬ 20-25 ਦਿਨ ਪਹਿਲਾਂ ਉੱਥੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਪੁੱਤਰ ਦੇ ਲਾਪਤਾ ਹੋਣ ਦੀ ਖਬਰ ਸੁਣਕੇ ਬਜ਼ੁਰਗ ਬਿਮਾਰ ਮਾਂ ਦਾ ਬੁਰਾ ਹਾਲ ਹੋ ਗਿਆ ਹੈ ਅਤੇ ਉਸ ਨੂੰ ਆਵਾਜਾਂ ਮਾਰ ਮਾਰ ਕੇ ਰੋਂਦੀ ਹੋਈ ਪੁਕਾਰ ਰਹੀ ਹੈ, ਪਰ ਬਲਜਿੰਦਰ ਸਿੰਘ ਦਾ ਕੁੱਝ ਪਤਾ ਨਹੀਂ ਲੱਗ ਰਿਹਾ।
ਭੇਦਭਰੇ ਹਾਲਾਤਾਂ 'ਚ ਦੁਬਈ ਤੋਂ ਨੌਜਵਾਨ ਹੋਇਆ ਲਾਪਤਾ, ਬਿਮਾਰ ਮਾਂ ਮਰ ਕਰ ਰਹੀ ਪੁੱਤ ਦੀ ਉਡੀਕ - ਕਪੂਰਥਲਾ ਦੀਆਂ ਖ਼ਬਰਾਂ ਪੰਜਾਬੀ ਵਿੱਚ
ਦੁਬਈ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਕਪੂਰਥਲਾ ਦਾ ਨੌਜਵਾਨ ਅਚਾਨਕ ਲਾਪਤਾ ਹੋ ਗਿਆ। ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ। ਉਨ੍ਹਾਂ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ।
ਮਦਦ ਲਈ ਅਪੀਲ: ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਬਲਜਿੰਦਰ ਸਿੰਘ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਵੀ ਨਹੀਂ ਹੈ ਪਰ ਉਸ ਦਾ ਸਮਾਨ ਉੱਥੇ ਕਮਰੇ ਵਿੱਚ ਹੀ ਹੈ ਅਤੇ ਉਸ ਦਾ ਫੋਨ ਬੰਦ ਆ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਾਪਤਾ ਹੋਇਆ ਬਲਜਿੰਦਰ ਸਿੰਘ ਪਹਿਲੀ ਵਾਰ ਦੁਬਈ ਨਹੀਂ ਸੀ ਗਿਆ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਬਲਜਿੰਦਰ ਦੇ ਦੋਸਤਾਂ ਨੇ ਕਰੀਬ ਇੱਕ ਹਫਤੇ ਬਾਅਦ ਉਸ ਦੇ ਲਾਪਤਾ ਹੋਣ ਸਬੰਧੀ ਖ਼ਬਰ ਫੋਨ ਉੱਤੇ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਸਰਕਾਰਾਂ ਸਮੇਤ ਸਮਾਜ ਸੇਵੀ ਐੱਸਪੀ ਉਬਰਾਏ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਬਲਜਿੰਦਰ ਸਿੰਘ ਦੀ ਭਾਲ ਕਰਵਾਕੇ ਉਸ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਿਯੋਗ ਕਰਨ ।
ਦੱਸ ਦਈਏ ਬੀਤੇ ਦਿਨੀ ਦੁਬਈ ਤੋਂ ਹੀ ਇੱਕ ਹੋਰ ਮੰਦਭਾਗੀ ਖ਼ਬਰ ਪੰਜਾਬ ਲਈ ਆਈ ਸੀ, ਜਦੋਂ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਪਈ, ਜਦੋਂ ਦੁਬਈ ਵਿੱਚ ਨੌਕਰੀ ਕਰਦੇ ਇਥੋਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਪਿੰਡ ਮੱਤੇਵਾਲ ਦਾ ਰਹਿਣ ਵਾਲਾ ਜੋਬਨਪ੍ਰੀਤ ਜੋ ਕਿ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਵਿੱਚ ਨੌਕਰੀ ਕਰਨ ਗਿਆ ਸੀ। ਜੋ ਕਿ ਦੁਬਈ ਵਿੱਚ ਟ੍ਰਾਲਾ ਚਲਾਉਂਦਾ ਸੀ ਅਤੇ ਟ੍ਰਾਲਾ ਲੈਕੇ ਸਉਦੀ ਅਰਬ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਟ੍ਰਾਲਾ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਜੋਬਨਪ੍ਰੀਤ ਦੀ ਮੌਤ ਹੋ ਗਈ।