ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ। ਕਪੂਰਥਲਾ :ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਕਾਰਨ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੁਣ ਜਾਨੀ ਨੁਕਸਾਨ ਦੀਆਂ ਖਬਰਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ। ਕਪੂਰਥਲਾ ਦੇ ਇਲਾਕੇ ਦੇ ਪਿੰਡ ਕੂਕਾ ਮੰਡ ਵਿੱਚ ਦੇਰ ਰਾਤ ਬਿਆਸ ਦਰਿਆ ਵਿੱਚ ਅਚਾਨਕ ਪਾਣੀ ਵਧ ਜਾਣ ਕਾਰਣ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਵਿਅਕਤੀ ਦੀ ਪਛਾਣ 45 ਸਾਲ ਦੇ ਲਖਵੀਰ ਸਿੰਘ ਲੱਖਾ ਦੀ ਵਜੋਂ ਹੋਈ ਹੈ।
ਲਖਬੀਰ ਸਿੰਘ ਲੱਖਾ ਦੇ ਪਰਿਵਾਰ ਮੁਤਾਬਿਕ ਸਵੇਰੇ ਕਰੀਬ ਚਾਰ ਵਜੇ ਜਦੋਂ ਲੱਖਾ ਪਾਣੀ ਵੱਧਣ ਕਰਕੇ ਆਪਣੀ ਮੱਝ ਨੂੰ ਬਚਾਉਣ ਲਈ ਖੋਲ੍ਹਣ ਲੱਗਾ ਤਾਂ ਖੁਦ ਵੀ ਪਾਣੀ ਵਿੱਚ ਰੁੜ ਗਿਆ। ਪਰਿਵਾਰ ਦੇ ਮੁਤਾਬਿਕ ਪ੍ਰਸ਼ਾਸਨ ਨੂੰ ਫੋਨ ਵੀ ਕੀਤੇ ਪਰ ਸਵੇਰ ਤੱਕ ਕਿਸੇ ਪਾਸਿਓਂ ਕੋਈ ਮੱਦਦ ਨਹੀਂ ਆਈ। ਫਿਲਹਾਲ ਵਿਅਕਤੀ ਬਾਰੇ ਕੁੱਝ ਪਤਾ ਨਹੀਂ ਲੱਗਾ ਹੈ।
ਫਲੱਡ ਗੇਟਾਂ ਚੋਂ ਨਿਕਲੇ ਪਾਣੀ ਨੇ ਅੱਠ ਜ਼ਿਲ੍ਹੇ ਕੀਤੇ ਤਬਾਹ:ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਣ ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਰੂਪਨਗਰ ਵਿੱਚ ਆਪਣਾ ਅਸਰ ਵਿਖਾਇਆ ਹੈ ਅਤੇ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਬੇਲਾ, ਹਰਸਾਬੇਲਾ, ਭਲਾਣ, ਪਲਾਸੀ, ਸੈਸੋਵਾਲ ਅਤੇ ਪੱਸੀਵਾਲ ਪਾਣੀ ਦੀ ਮਾਰ ਹੇਠ ਹਨ । ਦੂਜੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਪੌਂਗ ਡੈਮ ਤੋਂ ਛੱਡੇ ਪਾਣੀ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਸਭ ਤੋਂ ਵੱਧ ਅਸਰ ਗੁਰਦਾਸਪੁਰ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਰੂਪਨਗਰ ਦੇ ਪਿੰਡਾਂ ਵਿੱਚ ਤਬਾਹੀ: ਰੂਪਨਗਰ ਦੀ ਤਹਿਸੀਲ ਨੰਗਲ ਦੇ ਨਜ਼ਦੀਕੀ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨੇ ਮਾਰ ਪਾਈ ਹੈ। ਪਿੰਡ ਭਲਾਣ, ਭਨਾਮ, ਜਿੰਦਵੜੀ, ਧਿਆਨ ਬੇਲਾ, ਭਲੜੀ, ਐਲਗਰਾਂ ਸ਼ਾਹਪੁਰ ਬੇਲਾ, ਨਾਨਗਰਾਂ, ਗੋਲਹਣੀ ਤੋਂ ਇਲ਼ਾਵਾ ਹੋਰ ਦਰਜਨਾਂ ਪਿੰਡ ਜੋਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਇਹ ਸਾਰੇ ਖਤਰੇ ਵਿੱਚ ਹਨ। ਇਹਨਾਂ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਪਰਿਵਾਰ ਦੇ ਨਾਲ-ਨਾਲ ਜ਼ਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸ਼ੂਆ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਆ ਗਏ ਹਨ।