ਐਸ.ਐਸ.ਪੀ ਰਾਜਪਾਲ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਪੂਰਥਲਾ:ਕਪੂਰਥਲਾ ਪੁਲਿਸ ਨੇ 15 ਦਿਨ ਪਹਿਲਾਂ ਫਗਵਾੜਾ ਵਿੱਚ ਇੱਕ ਪਰਿਵਾਰ ਨੂੰ ਬੇਹੋਸ਼ ਕਰਕੇ ਲੁੱਟਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਪੁਲਿਸ ਨੇ ਯੂਪੀ ਤੋਂ 3 ਨੇਪਾਲੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੁੱਖ ਮੁਲਜ਼ਮ ਨੇਪਾਲੀ ਰਸੋਈਏ ਸਮੇਤ 5 ਮੁਲਜ਼ਮ ਅਜੇ ਫਰਾਰ ਹਨ, ਜਿਸ ਦੀ ਭਾਲ ਜਾਰੀ ਹੈ। ਕਪੂਰਥਲਾ ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲਾਇਸੈਂਸੀ ਰਿਵਾਲਵਰ, 4 ਮੋਬਾਈਲ ਫੋਨ, 6.10 ਲੱਖ ਦੀ ਭਾਰਤੀ ਕਰੰਸੀ ਅਤੇ 675 ਨੇਪਾਲੀ ਕਰੰਸੀ ਬਰਾਮਦ ਕੀਤੀ ਹੈ।
14-15 ਜੂਨ ਦੀ ਰਾਤ ਨੂੰ ਵਾਰਦਾਤ:ਇਸ ਦੌਰਾਨ ਹੀ ਐਸ.ਐਸ.ਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਗਵਾੜਾ ਦੇ ਪਟੇਲ ਨਗਰ ਵਿੱਚ 14-15 ਜੂਨ ਦੀ ਰਾਤ ਨੂੰ ਇੱਕ ਰਸੋਈਏ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਾਣੇ ਵਿੱਚ ਕੋਈ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿੱਚੋਂ ਸਾਰਾ ਕੀਮਤੀ ਸਾਮਾਨ, ਗਹਿਣੇ ਅਤੇ ਨਕਦੀ ਚੋਰੀ ਕਰ ਲਈ।
27 ਜੂਨ ਨੂੰ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ:ਇਸ ਦੌਰਾਨ ਹੀ ਐਸ.ਪੀ ਫਗਵਾੜਾ ਗੁਰਪ੍ਰੀਤ ਸਿੰਘ, ਡੀ.ਐਸ.ਪੀ ਜਸਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੇ ਐਸ.ਆਈ ਅਮਨਦੀਪ ਦੀ ਅਗਵਾਈ ਹੇਠ ਪੁਲਿਸ ਟੀਮ ਛਾਪੇਮਾਰੀ ਕੀਤੀ ਤੇ 27 ਜੂਨ ਨੂੰ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਵਿੱਚੋਂ ਮੁੱਖ ਆਰੋਪੀ ਕੁੱਕ ਰਾਜੂ ਦੇ 3 ਸਾਥੀਆਂ ਦਾ ਸੁਰਾਗ ਮਿਲਿਆ, ਜੋ ਕਿ ਨੇਪਾਲੀ ਹਨ। 29 ਜੂਨ ਨੂੰ ਪੁਲਿਸ ਨੇ ਸੁਖਬੀਰ ਸੁਨਾਰ ਉਰਫ਼ ਰਾਹੁਲ ਵਾਸੀ ਲੇਖਗੜ੍ਹ ਨੇਪਾਲ, ਵਿਨੋਦ ਕਮਲ ਸਾਹੀ ਵਾਸੀ ਉੱਤਰ ਗੰਗਾ, ਵਾਰਡ ਨੰ: ਫੈਂਟਾ ਨੂੰ ਜ਼ਿਲ੍ਹਾ ਖੇੜੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ।
ਅਸਲਾ ਤੇ ਭਾਰਤੀ ਕਰੰਸੀ ਬਰਾਮਦ:ਇਸ ਦੌਰਾਨ ਹੀ ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੇ ਸੁਖਬੀਰ ਸੁਨਾਰ ਉਰਫ਼ ਰਾਹੁਲ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਲਾਇਸੈਂਸੀ ਰਿਵਾਲਵਰ ਬਿਨਾਂ ਬੰਦੂਕ ਅਤੇ 50,000 ਰੁਪਏ ਦੀ ਭਾਰਤੀ ਕਰੰਸੀ ਅਤੇ ਵਿਨੋਦ ਕਮਲ ਸਾਹੀ ਕੋਲੋਂ 3,15,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਰਾਜੂ ਨੇਪਾਲੀ ਨੇ ਉਸ ਨੂੰ ਅਤੇ ਉਸ ਦੇ ਦੋਸਤ ਜਗਤ ਬਹਾਦਰ ਸਾਹੀ ਨੂੰ ਬੁਲਾਇਆ ਸੀ। ਪੁਲਿਸ ਪਾਰਟੀ ਨੇ ਮੁਲਜ਼ਮ ਜਗਤ ਬਹਾਦਰ ਨੂੰ ਨੇਪਾਲ ਸਰਹੱਦ ਤੋਂ ਕਾਬੂ ਕਰਕੇ ਉਸ ਕੋਲੋਂ 2 ਲੱਖ 45 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।
5 ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ:ਇਸ ਦੌਰਾਨ ਐਸ.ਐਸ.ਪੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਜਗਤ ਬਹਾਦਰ ਹਰਿਆਣਾ ਦੀ ਗੁਰੂਗ੍ਰਾਮ ਪੁਲਿਸ ਨੂੰ ਇੱਕ ਹੋਰ ਕੇਸ ਵਿੱਚ ਵੀ ਲੋੜੀਂਦਾ ਸੀ। ਫਿਲਹਾਲ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਦੋਂ ਕਿ ਘਟਨਾ ਵਿੱਚ ਸ਼ਾਮਲ 5 ਮੁਲਜ਼ਮ ਰਾਜੂ ਨੇਪਾਲੀ, ਵਰਿੰਦਰ, ਅਪਿੰਦਰ ਸ਼ਾਹੀ, ਤਿਲਕ ਰਾਜ ਚੌਧਰੀ ਸਾਰੇ ਵਾਸੀ ਨੇਪਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਮਾਮਲਾ ਕੀ ਸੀ ? ਜ਼ਿਕਰਯੋਗ ਹੈ ਕਿ ਫਗਵਾੜਾ ਦੇ ਨਿਊ ਪਟੇਲ ਨਗਰ ਸਥਿਤ ਕੋਠੀ ਨੰਬਰ 43 'ਚ ਫਗਵਾੜਾ ਦੇ ਮਸ਼ਹੂਰ ਕਾਰੋਬਾਰੀ ਨਿਊ ਲੁੱਕ ਫੈਸ਼ਨ ਅਤੇ ਬਸੰਤ ਖਾਨਾ ਖਜ਼ਾਨਾ ਦੇ ਮਾਲਕ ਅਜੀਤ ਸਿੰਘ ਵਾਲੀਆਂ ਦੇ ਪਰਿਵਾਰ ਨੂੰ ਉਹਨਾਂ ਦੇ ਨੌਕਰਾਂ ਵੱਲੋਂ ਬੇਹੋਸ਼ ਵਾਲੀ ਦਵਾਈ ਦੇਕੇ ਘਰ ਦਾ ਕੀਮਤੀ ਸਾਮਾਨ, ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆ ਇਹਨਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕੀਤਾ ਹੈ।