ਜਲੰਧਰ: ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਮਨਜੋਤ ਸਿੰਘ ਵੱਲੋਂ ਪਤਨੀ ਦੀ ਬੇਵਫ਼ਾਈ ਕਰਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ, ਤੇ ਪਰਿਵਾਰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇੰਤਜ਼ਾਰ ਕਰ ਰਿਹਾ ਹੈ।
ਸੁਰਿੰਦਰ ਕੌਰ ਨੇ ਦੱਸੀ ਕਹਾਣੀ
ਮੀਡੀਆ ਸਾਹਮਣੇ ਮ੍ਰਿਤਕ ਦੀ ਮਾਂ ਨੇ ਰੋ-ਰੋ ਕੇ ਆਪਣਾ ਹਾਲ ਬਿਆਨ ਕੀਤਾ। ਸੁਰਿੰਦਰ ਕੌਰ ਨੇ ਪੁੱਤਰ ਮਨਜੋਤ ਨੂੰ ਸਾਲ ਪਹਿਲਾਂ ਵਧੀਆ ਭਵਿੱਖ ਦੇ ਸੁਪਨੇ ਸਜਾਉਣ ਲਈ ਕੈਨੇਡਾ ਭੇਜਿਆ ਸੀ। ਕੈਨੇਡਾ ਵਿਚ ਪੀਆਰ ਮਿਲਣ ਤੋਂ ਬਾਅਦ ਮੁੰਡੇ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਕੁਝ ਸਮੇਂ ਬਾਅਦ ਪੁੱਤਰ ਵਾਪਸ ਕੈਨੇਡਾ ਚਲਾ ਗਿਆ ਤੇ ਉਸ ਦੀ ਵਹੁਟੀ ਵੀ ਪੇਕੇ ਚਲੀ ਗਈ ਸੀ।
ਮਨਜੋਤ ਨੇ ਕੈਨੇਡਾ ਜਾ ਕੇ ਆਪਣੀ ਪਤਨੀ ਨੂੰ ਕਾਗਜ਼ ਭੇਜੇ ਜਿਸ ਤੋਂ ਬਾਅਦ ਸਪਾਊਜ਼ ਵੀਜ਼ਾ ਲੱਗ ਗਿਆ। ਵੀਜ਼ਾ ਲੱਗਣ ਤੋਂ ਬਾਅਦ ਮ੍ਰਿਤਕ ਦੀ ਪਤਨੀ ਨੇ ਬਿਨਾਂ ਦੱਸੇ ਕੈਨੇਡਾ ਦੀ ਟਿਕਟ ਬੁੱਕ ਕਰਵਾ ਲਈ ਤੇ ਕੈਨੇਡਾ ਪਹੁੰਚ ਗਈ। ਕੈਨੇਡਾ ਜਾ ਕੇ ਆਪਣੇ ਪਤੀ ਕੋਲ ਜਾਣ ਦੀ ਥਾਂ ਆਪਣੇ ਪ੍ਰੇਮੀ ਕੋਲ ਚਲੀ ਗਈ, ਜਿੱਥੇ ਉਸ ਨੇ ਆਪਣੇ ਪਤੀ ਦੇ ਕਾਗਜ਼ਾਂ ਤੇ ਪੀਆਰ ਲੈ ਲਈ।
ਮ੍ਰਿਤਕ ਨੂੰ ਕੁਝ ਦਿਨਾਂ ਬਾਅਦ ਇਹ ਸਭ ਪਤਾ ਚੱਲਿਆ ਤਾੰ ਉਹ ਪੂਰੀ ਤਰ੍ਹਾਂ ਟੁੱਟ ਗਿਆ। ਉਸ ਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਵਟਸਐਪ ਦੇ ਜ਼ਰੀਏ ਆਪਣੇ ਦਿਲ ਦੀ ਭੜਾਸ ਕੱਢੀ ਤੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ।ਪਰਿਵਾਰ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਨੇ ਮਨਜੋਤ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਤੇ ਖੁਦਕੁਸ਼ੀ ਕਰ ਲਈ।
ਹੁਣ ਮ੍ਰਿਤਕ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਤੇ ਨਾਲ ਹੀ ਆਪਣੀ ਨੂੰਹ ਖ਼ਿਲਾਫ਼ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮਨਜੋਤ ਦੀ ਲਾਸ਼ ਲੱਭਦੀ ਹੈ, ਜਾਂ ਉਸ ਦੇ ਪਰਿਵਾਰ ਵਾਲੇ ਇੱਦਾਂ ਹੀ ਸੰਸਕਾਰ ਦੀ ਉਡੀਕ ਵਿੱਚ ਬੈਠੇ ਰਹਿਣਗੇ।