ਪੰਜਾਬ

punjab

ETV Bharat / state

ਬੱਚੀਆਂ ਨਾਲ ਹੋ ਰਹੇ ਜਬਰ-ਜਨਾਹ ਵਿਰੁੱਧ ਜਲੰਧਰ 'ਚ ਕੱਢਿਆ ਗਿਆ ਰੋਸ ਮਾਰਚ - punjab news

ਹਾਲ ਹੀ 'ਚ ਧੁਰੀ ਅਤੇ ਜਲੰਧਰ 'ਚ ਨਾਬਾਲਗ ਬੱਚੀਆਂ ਨਾਲ ਜਬਰ-ਜਨਾਹ ਹੋਇਆ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੰਜਾਬ ਭਰ 'ਚ ਕਾਫ਼ੀ ਵਿਰੋਧ ਹੋ ਰਿਹਾ ਅਤੇ ਜਲੰਧਰ ਵਿੱਚ ਵੀ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪ੍ਰਸ਼ਾਸਨ ਵਿਰੁੱਧ ਰੋਸ ਮਾਰਚ ਕੱਢਿਆ ਗਿਆ।

ਪ੍ਰਦਰਸ਼ਨ ਕਰ ਰਹੀਆਂ ਔਰਤਾਂ

By

Published : May 29, 2019, 1:50 AM IST

ਜਲੰਧਰ: ਪੰਜਾਬ ਵਿੱਚ ਔਰਤਾਂ ਅਤੇ ਬੱਚੀਆਂ ਨਾਲ ਬਲਾਤਕਾਰ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਅਤੇ ਪੁਲਿਸ ਦੀ ਢਿੱਲੀ ਕਾਰਜ ਪ੍ਰਣਾਲੀ ਤੋਂ ਨਾਰਾਜ਼ ਲੋਕ ਹੁਣ ਸੜਕਾਂ 'ਤੇ ਉੱਤਰ ਆਏ ਹਨ। ਇਸੇ ਤਹਿਤ ਜਲੰਧਰ 'ਚ ਵੀ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਨੂੰ ਵੇਖਦਿਆਂ ਰੋਸ ਮਾਰਚ ਕੱਢਿਆ ਗਿਆ ਅਤੇ ਐੱਸਐੱਸਪੀ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ।

ਵੀਡੀਓ

ਇਸਤਰੀ ਜਾਗ੍ਰਤੀ ਮੰਚ ਦੀਆਂ ਮੈਂਬਰ ਔਰਤਾਂ ਨੇ ਪੁਲਿਸ 'ਤੇ ਦੋਸ਼ ਲਗਾਇਆ ਕਿ ਉਹ ਰਾਜਨੀਤਿਕ ਲੋਕਾਂ ਦੇ ਦਬਾਅ ਹੇਠ ਆ ਕੇ ਕੰਮ ਕਰ ਰਹੀ ਹੈ। ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਔਰਤਾਂ ਦੀ ਅਗਵਾਈ ਕਰ ਰਹੀ ਅਨੀਤਾ ਸੰਧੂ ਅਤੇ ਜਸਬੀਰ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਜਲੰਧਰ ਦੇ ਲੋਹੀਆਂ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਹੋਈ ਸੀ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਪੁਲਿਸ ਨੇ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਦੋਸ਼ੀ ਮੌਜੂਦਾ ਸਰਕਾਰ ਦੇ ਕੁਝ ਆਗੂਆਂ ਦੇ ਨਜ਼ਦੀਕੀ ਹਨ ਜਿਸ ਕਾਰਨ ਪੁਲਿਸ ਰਾਜਨੀਤਿਕ ਆਗੂਆਂ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਛੇਤੀਂ ਤੋਂ ਛੇਤੀ ਗ੍ਰਿਫ਼ਤਾਰ ਕਰੇ ਉਨ੍ਹਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਅੰਜਾਮ ਨਾ ਦੇ ਸਕੇ।

ਦੂਜੇ ਪਾਸੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਸ਼ਾਂਤ ਕਰ ਰਹੀ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਬਲਾਤਕਾਰ ਦੇ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਜਾਂ ਕਿਸੇ ਰਾਜਨੀਤਕ ਆਗੂ ਨਾਲ। ਉਨ੍ਹਾਂ ਕਿਹਾ ਕਿ ਛੇਤੀ ਹੀ ਲੋਹੀਆਂ ਵਾਲੇ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details