ਜਲੰਧਰ: ਪੰਜਾਬ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਪੰਜਾਬ ਦੇ ਇਹ ਕਿਸਾਨ ਜਿੰਨ੍ਹਾਂ ਦਾ ਕੰਮ ਖੇਤਾਂ ਵਿੱਚ ਬੀਜ ਬੋਅ ਕੇ ਫ਼ਸਲ ਪੈਦਾ ਕਰਨਾ ਹੈ, ਹੁਣ ਵਿਧਾਨ ਸਭਾ ਜਾਣ ਦੀ ਤਿਆਰੀ ਕਰੀ ਬੈਠੇ ਹਨ। ਕਿਸਾਨਾਂ ਦੇ ਖੇਤਾਂ ਦੀ ਵੱਟ ਤੋਂ ਵਿਧਾਨ ਸਭਾ ਵੱਲ ਦੇ ਇਸ ਰਸਤੇ ਉੱਪਰ ਪੇਸ਼ ਇਹ ਖਾਸ ਰਿਪੋਰਟ।
ਅਸੀਂ ਖੇਤਾਂ ਵਿੱਚ ਹਲ ਅਤੇ ਟਰੈਕਟਰ ਚਲਾ ਕੇ ਫਸਲ ਉਗਾਉਣ ਵਾਲੇ ਕਿਸੇ ਕਿਸਾਨ ਦੀ ਗੱਲ ਕਰ ਰਹੇ ਹਾਂ, ਪਰ ਇਸ ਵਾਰ ਇਸ ਸ਼ਬਦ ਦੀ ਪਰਿਭਾਸ਼ਾ ਬਦਲ ਗਈ ਹੈ ਕਿਉਂਕਿ ਪੰਜਾਬ ਦੇ ਇਹ ਕਿਸਾਨ ਖੇਤਾਂ 'ਚੋਂ ਨਿਕਲ ਕੇ ਵਿਧਾਨ ਸਭਾ ਵਿੱਚ ਜਾ ਕੇ ਸਰਕਾਰ ਚਲਾਉਣ ਦਾ ਮਨ ਬਣਾਈ ਬੈਠੇ ਹਨ।
ਪੰਜਾਬ ਦੀ ਕਿਸਾਨੀ ਵਿੱਚ ਰਾਜਨੀਤੀ
ਜ਼ਾਹਿਰ ਹੈ ਕਿ ਪੰਜਾਬ ਵਿੱਚ ਰਹਿਣ ਵਾਲਾ ਹਰ ਇੱਕ ਸਖ਼ਸ ਚਾਹੇ ਉਹ ਚਾਹੇ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਵੇ, ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨੂੰ ਵੋਟ ਜ਼ਰੂਰ ਪਾਉਂਦਾ ਹੈ। ਇਸੇ ਦੇ ਚੱਲਦੇ ਪਿਛਲੀਆਂ ਚੋਣਾਂ ਤੱਕ ਪੰਜਾਬ ਦੇ ਕਿਸਾਨ ਵੀ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਸਨ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਬਣਾਏ ਗਏ ਤਿੰਨ ਕਾਨੂੰਨਾਂ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀ ਪਾਰਟੀ ਦਾ ਐਲਾਨ ਕਰਦੇ ਹੋਏ ਸੰਯੁਕਤ ਮੋਰਚਾ ਨਾਮ ਦੀ ਪਾਰਟੀ ਬਣਾ ਲਈ ਗਈ। ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਇੱਥੇ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਰਾਜਨੀਤਿਕ ਪਾਰਟੀ ਬਣਾ ਕੇ ਖੁਦ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਦੂਸਰੇ ਪਾਸੇ ਪੰਜਾਬ ਵਿੱਚ ਹਾਲੇ ਵੀ ਐਸੇ ਕਿਸਾਨ ਵੀ ਹਨ ਜੋ ਆਪਣੀ ਕਿਸਾਨਾਂ ਦੀ ਪਾਰਟੀ ਤੋਂ ਇਲਾਵਾ ਪੁਰਾਣੀਆਂ ਰਵਾਇਤੀ ਪਾਰਟੀਆਂ ਨਾਲ ਜੁੜੇ ਹੋਏ ਹਨ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਉਸ ਕਿਸਾਨਾਂ ਦੀ ਪਾਰਟੀ ਦੀ ਜੋ ਇਸ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਹੈ।
ਜੇ ਕਿਸਾਨ ਖੇਤਾਂ ਵਿੱਚ ਫ਼ਸਲ ਉਗਾ ਸਕਦਾ ਹੈ ਤੇ ਸਿਆਸਤ ਕੋਈ ਵੱਡੀ ਗੱਲ ਨਹੀਂ
ਕਿਸਾਨ ਆਗੂ ਅਤੇ ਕਰਤਾਰਪੁਰ ਤੋਂ ਉਮੀਦਵਾਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸਾਨੀ ਇੱਕ ਅਜਿਹਾ ਕੀਤਾ ਹੈ। ਜਿਸ ਵਿੱਚ ਕਿਸਾਨ ਖੇਤਾਂ ਵਿੱਚ ਬੀਜ ਬੋਅ ਕੇ ਫ਼ਸਲ ਪੈਦਾ ਕਰਦਾ ਹੈ ਅਤੇ ਉਸ ਨੂੰ ਪਾਲਦਾ ਹੈ। ਉਨ੍ਹਾਂ ਮੁਤਾਬਿਕ ਕਿਸਾਨੀ ਸਭ ਤੋਂ ਔਖਾ ਕੰਮ ਹੈ ਅਤੇ ਜੇਕਰ ਕਿਸਾਨ ਇਸ ਕੰਮ ਨੂੰ ਕਰ ਸਕਦਾ ਹੈ ਤਾਂ ਸਿਆਸਤ ਕੋਈ ਬਹੁਤੀ ਔਖੀ ਗੱਲ ਨਹੀਂ। ਉਨ੍ਹਾਂ ਮੁਤਾਬਿਕ ਦੇਸ਼ ਨੂੰ ਆਜ਼ਾਦ ਹੋਏ ਅੱਜ ਕਈ ਦਸ਼ਕ ਹੋ ਗਏ ਪਰ ਉਦੋਂ ਤੋਂ ਲੈ ਕੇ ਹੁਣ ਤਕ ਕਿਸਾਨ ਹਮੇਸ਼ਾਂ ਸੰਘਰਸ਼ ਕਰਦੇ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ। ਹੁਣ ਵੀ ਪਿਛਲੇ 2 ਸਾਲ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਕੋਲ ਆਪਣੀ ਗੱਲ ਰੱਖਣ ਲਈ ਧਰਨੇ ਪ੍ਰਦਰਸ਼ਨ ਕਰਨੇ ਪਏ ਹਨ। ਉਸਦੇ ਦੂਸਰੇ ਪਾਸੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਵਾਏ ਲੋਕਾਂ ਨੂੰ ਲਾਰੇਬਾਜ਼ੀ ਕਰਨ ਦੇ ਹੋਰ ਕੋਈ ਕੰਮ ਨਹੀਂ ਕਰਦੇ ਹਨ। ਇਹੀ ਕਾਰਨ ਹੈ ਕਿ ਹੁਣ ਕਿਸਾਨਾਂ ਨੇ ਆਪਣੀ ਪਾਰਟੀ ਬਣਾ ਕੇ ਚੋਣਾਂ ਲੜ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਲਿਆ ਹੈ ਤਾਂ ਕਿ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਅੱਗੇ ਹੱਥ ਨਾ ਫੈਲਾਉਣੇ ਪੈਣ।