ਜਲੰਧਰ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਦੀ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਲਾਭਪਾਤਰੀਆਂ ਨੂੰ ਕਣਕ ਅਤੇ ਚਾਵਲ ਅਤੇ ਚੀਨੀ ਦੇ ਪੈਕਟ ਬੈਗ ਘਰ ਘਰ ਪਹੁੰਚਾਏ ਜਾਂਦੇ ਹਨ। ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਹ ਸਕੀਮ ਕਿਵੇਂ ਅਤੇ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਇਸ ਸਕੀਮ ਤੋਂ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ। ਪੇਸ਼ ਹੈ ਇਸ ਦੀ ਇੱਕ ਖਾਸ ਰਿਪੋਰਟ ....
ਰਾਸ਼ਨ ਦੇ ਨਾਮ ’ਤੇ ਸਿਰਫ਼ ਮਿਲ ਰਹੀ ਹੈ ਕਣਕ:ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਕਰੀਬ 40 ਲੱਖ 2 ਹਜ਼ਾਰ 761 ਅਜਿਹੇ ਲੋਕ ਹਨ ਜਿੰਨ੍ਹਾਂ ਕੋਲ ਸਰਕਾਰ ਵੱਲੋਂ ਬਣਾ ਕੇ ਦਿੱਤਾ ਗਿਆ ਨੀਲਾ ਕਾਰਡ ਹੈ ਜਿਸ ਉੱਪਰ ਇੰਨ੍ਹਾਂ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਮੁਹੱਈਆ ਕਰਵਾਈ ਜਾਂਦੀ ਹੈ ਜਦ ਕਿ ਇਸ ਕਣਕ ਨੂੰ ਲੋਕਾਂ ਤੱਕ ਪਹੁੰਚਾਉਣ ਲਈ 18,344 ਡਿੱਪੂ ਹੋਲਡਰ ਹਨ ਜੋ ਇਹ ਕਣਕ ਸਰਕਾਰ ਕੋਲੋਂ ਸਿੱਧੇ ਤੌਰ ’ਤੇ ਇਸ ਦੇ ਲਾਭਪਾਤਰੀਆਂ ਤੱਕ ਪਹੁੰਚਾਉਂਦੇ ਹਨ। ਇਕ ਸਮਾਂ ਸੀ ਜਦੋਂ ਪੰਜਾਬ ਵਿੱਚ ਰਾਸ਼ਨ ਕਾਰਡ ਉੱਪਰ ਲੋਕਾਂ ਨੂੰ ਕਣਕ, ਮਿੱਟੀ ਦਾ ਤੇਲ ਚੀਨੀ ਇੱਥੋਂ ਤੱਕ ਕਿ ਕੱਪੜੇ ਵੀ ਮੁਹੱਈਆ ਕਰਾਏ ਜਾਂਦੇ ਸੀ ਪਰ ਹੌਲੀ ਹੌਲੀ ਜਿੱਥੇ ਪੰਜਾਬ ਵਿੱਚ ਇਸ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ ਉਸਦੇ ਨਾਲ ਨਾਲ ਸਕੀਮ ਰਾਹੀਂ ਮਿਲਣ ਵਾਲੀਆਂ ਵਸਤੂਆਂ ਦੀ ਗਿਣਤੀ ਘਟਣ ਲੱਗ ਗਈ। ਅੱਜ ਪੰਜਾਬ ਵਿੱਚ ਸਿਰਫ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਹੀ ਇੰਨ੍ਹਾਂ ਕਾਰਡਾਂ ਉਪਰ ਮੁਹੱਈਆ ਕਰਵਾਈ ਜਾ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਆਟਾ ਦਾਲ ਸਕੀਮ ਵਿੱਚੋਂ ਦਾਲ ਗਾਇਬ ਹੋ ਚੁੱਕੀ ਹੈ ਜਿਸਦੇ ਚੱਲਦੇ ਸਿਰਫ਼ ਕਣਕ ਹੀ ਰਹਿ ਗਈ ਹੈ ਜੋ ਨੀਲੇ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਪੰਜ ਕਿਲੋ ਮਹੀਨੇ ਦੇ ਹਿਸਾਬ ਨਾਲ ਮਿਲਦੀ ਹੈ। ਇਸ ਬਾਰੇ ਦੱਸਦੇ ਹੋਏ ਡਿੱਪੂ ਹੋਲਡਰ ਦਰਸ਼ਨ ਲਾਲ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਰਾਸ਼ਨ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ ਉਹ ਚੀਜ਼ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਇਹ ਮੁਮਕਿਨ ਨਹੀਂ ਕਿ ਪਿੰਡਾਂ ਅਤੇ ਮੁਹੱਲੇ ਦੀਆਂ ਛੋਟੀਆਂ ਛੋਟੀਆਂ ਗਲੀਆਂ ਵਿੱਚ ਗੱਡੀਆਂ ਨੂੰ ਲੈ ਕੇ ਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਹਰ ਤਰ੍ਹਾਂ ਦੀ ਸਰਵਿਸ ਦੇਣ ਨੂੰ ਤਿਆਰ ਹਨ ਅਤੇ ਸਰਕਾਰ ਦੇ ਨਾਲ ਹਨ। ਦਰਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਵਿੱਚ ਖਾਧ ਅਪੂਰਤੀ ਮਹਿਕਮਾ ਟਰੱਕਾਂ ਵਿੱਚ ਇਸ ਕਣਕ ਨੂੰ ਡਿੱਪੂਆਂ ਤੱਕ ਪਹੁੰਚਾਉਂਦਾ ਹੈ ਜਿੱਥੇ ਇਸ ਤੋਂ ਸਿੱਧੀ ਸਪਲਾਈ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ।
ਦਿੱਲੀ ਚ ਕਿਸ ਤਰ੍ਹਾਂ ਵੰਡਿਆ ਜਾਂਦਾ ਹੈ ਰਾਸ਼ਨ:ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਸ਼ਨ ਦੇ ਤੌਰ ਤੇ ਲੋਕਾਂ ਨੂੰ ਕਣਕ, ਚਾਵਲ, ਚੀਨੀ ਆਦਿ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਦਕਿ ਪੰਜਾਬ ਵਿੱਚ ਅਜਿਹਾ ਨਹੀਂ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਦੇ ਤਹਿਤ ਲੋਕਾਂ ਨੂੰ ਕੀ ਸੁਵਿਧਾ ਦੇ ਸਕਦੀ ਹੈ ਕਿਉਂਕਿ ਕਣਕ ਤਾਂ ਪਹਿਲਾਂ ਹੀ ਦੋ ਰੁਪਏ ਕਿੱਲੋ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰੀਬ 40 ਲੱਖ ਲੋਕ ਇਸ ਸੁਵਿਧਾ ਦਾ ਫਾਇਦਾ ਉਠਾ ਰਹੇ ਹਨ ਪਰ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਵਿੱਚ ਵੋਟਾਂ ਪਾਈਆਂ ਹਨ ਉਸ ਤੋਂ ਸਾਫ਼ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਉੱਥੇ ਹੀ ਦੂਸਰੇ ਪਾਸੇ ਲੋਕਾਂ ਦੀਆਂ ਉਮੀਦਾਂ ਉੱਪਰ ਖਰਾ ਉੱਤਰਨ ਲਈ ਵੱਡੀਆਂ ਚੁਣੌਤੀਆਂ ਹਨ।
ਖਤਮ ਹੋਣ ਦੀ ਕਾਗਾਰ ’ਤੇ ਡਿੱਪੂ ਹੋਲਡਰ:ਉਧਰ ਦੂਸਰੇ ਪਾਸੇ ਇਹ ਗੱਲ ਵੀ ਸਾਫ਼ ਹੈ ਕਿ ਪੰਜਾਬ ਵਿੱਚ ਚਾਲੀ ਲੱਖ ਕਾਰਡ ਹੋਲਡਰਾਂ ਨੂੰ ਕਣਕ ਸਪਲਾਈ ਕਰਨ ਵਾਲੇ 18,344 ਡਿੱਪੂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਸਰਕਾਰ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਮੁਹੱਈਆ ਕਰਾਏ ਕਿਉਂਕਿ ਇਸ ਤਰ੍ਹਾਂ ਹੋਣ ਨਾਲ ਇਨ੍ਹਾਂ ਡਿਪੂਆਂ ਦੇ ਮਾਲਕਾਂ ਨੂੰ ਸਿੱਧੇ ਤੌਰ ’ਤੇ ਇਹ ਨੁਕਸਾਨ ਹੋਏਗਾ ਕਿ ਜੋ ਕਮਿਸ਼ਨ ਉਨ੍ਹਾਂ ਨੂੰ ਇਸ ਕੰਮ ਦੇ ਬਦਲੇ ਮਿਲਦਾ ਉਹ ਬੰਦ ਹੋ ਜਾਵੇਗਾ। ਡਿੱਪੂ ਹੋਲਡਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਸਰਕਾਰ ਦੀ ਭੇਜੀ ਹੋਈ ਕਣਕ ਲੋਕਾਂ ਤੱਕ ਪਹੁੰਚਾ ਰਹੇ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਬਣਦਾ ਕਮਿਸ਼ਨ ਨਹੀਂ ਮਿਲ ਰਿਹਾ।